ਆਸਟ੍ਰੇਲੀਆਈ ਪੀ.ਐੱਮ. ਜਲਦੀ ਕਰਨਗੇ ਟਰੰਪ ਨਾਲ ਮੁਲਾਕਾਤ
Monday, Sep 16, 2019 - 10:33 AM (IST)

ਕੈਨਬਰਾ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਵੀਰਵਾਰ ਨੂੰ ਅਮਰੀਕਾ ਦੀ ਅਧਿਕਾਰਕ ਯਾਤਰਾ 'ਤੇ ਰਵਾਨਾ ਹੋਣਗੇ। ਉੱਥੇ ਉਹ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਅਤੇ ਨਾਸਾ ਦੇ ਹੈੱਡਕੁਆਰਟਰ ਵੀ ਜਾਣਗੇ। ਜਾਣਕਾਰੀ ਮੁਤਾਬਕ ਮੌਰੀਸਨ ਅਤੇ ਉਨ੍ਹਾਂ ਦੀ ਪਤਨੀ ਜੇਨੀ ਵੀਰਵਾਰ ਤੋਂ 27 ਸਤੰਬਰ ਤੱਕ ਵਾਸ਼ਿੰਗਟਨ ਡੀ.ਸੀ., ਸ਼ਿਕਾਗੋ, ਓਹੀਓ ਅਤੇ ਨਿਊਯਾਰਕ ਦਾ ਦੌਰਾ ਕਰਨਗੇ।
ਮੌਰੀਸਨ ਦੀ ਯਾਤਰਾ ਵਿਚ ਵ੍ਹਾਈਟ ਹਾਊਸ ਵਿਚ ਇਕ ਸਟੇਟ ਡਿਨਰ, ਨਾਸਾ ਹੈੱਡਕੁਆਰਟਰ ਦੀ ਯਾਤਰਾ ਅਤੇ ਆਸਟ੍ਰੇਲੀਆਈ ਤਕਨੀਕੀ ਉੱਦਮੀਆਂ ਨਾਲ ਬੈਠਕਾਂ ਸ਼ਾਮਲ ਹਨ। ਮੌਰੀਸਨ ਨੇ ਇਕ ਬਿਆਨ ਵਿਚ ਕਿਹਾ,''ਵ੍ਹਾਈਟ ਹਾਊਸ ਵਿਚ ਇਕ ਸਟੇਟ ਡਿਨਰ ਦੇ ਨਾਲ ਅਧਿਕਾਰਕ ਯਾਤਰਾ ਲਈ ਰਾਸ਼ਟਰਪਤੀ ਟਰੰਪ ਦੇ ਸੱਦੇ ਨੂੰ ਸਵੀਕਾਰ ਕਰਨਾ ਇਕ ਸਨਮਾਨ ਦੀ ਗੱਲ ਹੈ। ਮੈਂ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਦੇ ਨਾਲ ਮਿਲਣ ਲਈ ਉਤਸ਼ਾਹਿਤ ਹਾਂ। ਇਨ੍ਹਾਂ ਮੈਂਬਰਾਂ ਵਿਚ ਉਪ ਰਾਸ਼ਟਰਪਤੀ ਮਾਈਕ ਪੇਨਸ, ਰਾਜ ਸਕੱਤਰ ਮਾਈਕ ਪੋਂਪਿਓ ਅਤੇ ਰੱਖਿਆ ਸਕੱਤਰ ਮਾਰਕ ਐਸਪਰ ਸ਼ਾਮਲ ਹਨ।''