ਗੋਸਫੋਰਡ ਦੇ ਸਕੂਲ ਦਾ ਵਿਸਥਾਰ, ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਹੋਣਗੀਆਂ ਸ਼ੁਰੂ
Monday, Sep 28, 2020 - 06:23 PM (IST)

ਸਿਡਨੀ (ਬਿਊਰੋ): ਨਿਊ ਸਾਊਥ ਵੇਲਜ਼ ਸਰਕਾਰ ਦੀਆਂ ਵਿਕਾਸ ਦੀਆਂ ਨਵੀਆਂ ਸਕੀਮਾਂ ਦੇ ਤਹਿਤ ਗੋਸਫੋਰਡ ਸੀ.ਬੀ.ਡੀ. ਦਾ ਈ.ਟੀ. ਆਸਟ੍ਰੇਲੀਆ ਸੈਕੰਡਰੀ ਕਾਲਜ ਦਾ ਵਿਸਥਾਰ ਕੀਤਾ ਗਿਆ ਹੈ। ਇਹ ਕਾਲਜ ਜਿਹੜਾ ਕਿ ਸੱਤਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਦਾ ਸੀ, ਵਿਚ ਹੁਣ ਵਾਧਾ ਕਰਦਿਆਂ ਇਸ ਦੀ ਬਿਲਡਿੰਗ ਨੂੰ ਵਧਾਉਣ ਅਤੇ ਇਸ ਵਿਚ 11ਵੀਂ ਅਤੇ 12ਵੀਂ ਕਲਾਸ ਵੀ ਸ਼ਾਮਿਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਯ ਪ੍ਰਾਜੈਕਟ ਲਈ 2.8 ਮਿਲੀਅਨ ਡਾਲਰ ਦਾ ਬਜਟ ਵੀ ਜਾਰੀ ਕੀਤਾ ਗਿਆ ਹੈ। ਇਸ ਲਈ ਨਵੀਂ ਇਮਾਰਤ 125 ਡੋਨੀਸਨ ਸਟਰੀਟ ਵਿਖੇ ਤਿਆਰ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ 2016-17 'ਚ ਦਿੱਤਾ ਸਿਰਫ 750 ਡਾਲਰ ਆਮਦਨ ਟੈਕਸ : ਨਿਊਯਾਰਕ ਟਾਈਮਜ਼
ਰਾਬ ਸਟੋਕਸ (ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ) ਮੁਤਾਬਕ, ਇਸ ਨਾਲ 40 ਨਵੇਂ ਰੌਜ਼ਗਾਰ ਪੈਦਾ ਹੋਣਗੇ ਅਤੇ 170 ਤੋਂ ਲੈ ਕੇ 280 ਤੱਕ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੱਚ ਹੈ ਕਿ ਅਸੀਂ ਇਸ ਵੇਲੇ ਬੜੀ ਹੀ ਭਿਆਨਕ ਬੀਮਾਰੀ ਦੀ ਮਾਰ ਝੱਲ ਰਹੇ ਹਾਂ ਪਰ ਖ਼ੁਸ਼ੀ ਹੈ ਕਿ ਅਜਿਹੇ ਕਦਮਾਂ ਦੇ ਨਾਲ ਅਸੀਂ ਨਵੀਆਂ ਪੁਲਾਂਘਾਂ ਵੀ ਪੁੱਟ ਰਹੇ ਹਾਂ। ਪਾਰਲੀਮਾਨੀ ਸਕੱਤਰ (ਸੈਂਟਰਲ ਕੋਸਟ) ਅਤੇ ਮੈਂਬਰ ਟੈਰਿਗਲ, ਐਡਮ ਕੋਚ ਨੇ ਵੀ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਲਈ ਨਵੇਂ ਅਧਿਆਪਕਾਂ ਅਤੇ ਹੋਰ ਲੋਕਾਂ ਨੂੰ ਇਸ ਨਾਲ ਰੋਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਹੁਣ ਤੱਕ 91 ਨਵੇਂ ਪ੍ਰਾਜੈਕਟ ਥਾਪੇ ਗਏ ਹਨ। ਇਨ੍ਹਾਂ ਨਾਲ 50,000 ਨਵੇਂ ਰੋਜ਼ਗਾਰ ਪੈਦਾ ਹੋਏ ਹਨ ਅਤੇ ਰਾਜ ਸਰਕਾਰ ਦੀ ਅਰਥ ਵਿਵਸਥਾ ਲਈ 25 ਬਿਲੀਅਨ ਦਾ ਯੋਗਦਾਨ ਵੀ ਪਿਆ ਹੈ।