ਆਸਟ੍ਰੇਲੀਆ : ਮਾਝਾ ਯੂਥ ਕਲੱਬ ਦੀ ਅਗਵਾਈ ਹੇਠ ਕਿਸਾਨਾਂ ਦੀ ਹਮਾਇਤ ''ਚ ਰੋਸ ਮੁਜ਼ਾਹਰਾ
Tuesday, Sep 14, 2021 - 10:08 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਮਾਝਾ ਯੂਥ ਕਲੱਬ ਬ੍ਰਿਸਬੇਨ ਦੀ ਅਗਵਾਈ ਹੇਠ ਬ੍ਰਿਸਬੇਨ ਵਿਖੇ ਭਾਰਤੀ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿੱਚ 28 ਅਗਸਤ ਨੂੰ ਕਿਸਾਨਾਂ 'ਤੇ ਹੋਏ ਅੱਤਿਆਚਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਰੋਸ ਮਾਰਚ ਵਿੱਚ ਪਹੁੰਚੇ ਹੋਏ ਮੁੱਖ ਅਹੁਦੇਦਾਰਾਂ ਨੇ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਅੰਤਰਰਾਸ਼ਟਰੀ ਏਕਤਾ ਦਾ ਪੈਗਾਮ ਭਾਰਤੀ ਕਿਸਾਨਾਂ ਨੂੰ ਸਾਂਝੇ ਤੌਰ 'ਤੇ ਭੇਜਿਆ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਕਰਨਾਲ ਵਿਖੇ ਪੁਲਸ ਦੁਆਰਾ ਕਿਸਾਨਾਂ 'ਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਭਾਵੇਂ ਕਿਸਾਨਾਂ ਅਤੇ ਪ੍ਰਸਾਸ਼ਨ ਦੀ ਕੁਝ ਸ਼ਰਤਾਂ ਨਾਲ ਸਹਿਮਤੀ ਹੋਈ ਹੈ ਪਰ ਸਰਕਾਰ ਇਸ ਘਟਨਾ ਦੀ ਮੁਆਫ਼ੀ ਮੰਗੇ ਤੇ ਅੱਤਿਆਚਾਰੀ ਅਧਿਕਾਰੀਆਂ ਨੂੰ ਜੇਲ੍ਹ ਭੇਜ ਕੇ ਬਣਦਾ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਹੁਕੌਮੀ ਕਾਰਪੋਰੇਸ਼ਨਾਂ ਹਰ ਦੇਸ਼ ਵਿੱਚ ਕੰਮ ਕਰਨ ਵਾਲਿਆਂ ਤੋਂ ਕੰਮ ਸਬੰਧੀ ਚੰਗੀਆਂ ਸ਼ਰਤਾਂ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਤੇ ਇਹਨਾਂ ਕਾਲੇ ਤਿੰਨਾਂ ਕਾਨੂੰਨਾਂ ਤਹਿਤ ਵੀ ਭਾਰਤ ਦੇ ਕਿਸਾਨਾਂ ਕੋਲੋਂ ਉਹਨਾਂ ਦੇ ਖੇਤ ਖੋਹ ਕੇ ਕਾਰਪੋਰੇਸ਼ਨਾਂ ਦੇ ਹਵਾਲੇ ਕਰਨ ਦਾ ਰਾਹ ਕੱਢਿਆ ਜਾ ਰਿਹਾ ਹੈ। ਇਹ ਜਮਹੂਰੀਅਤ ਦਾ ਘਾਣ ਹੈ ਜਿਸ ਵਿਰੁੱਧ ਸਾਨੂੰ ਅੰਤਰਰਾਸ਼ਟਰੀ ਪੱਧਰ 'ਤੇ ਏਕਤਾ ਦਾ ਨਾਅਰਾ ਬੁਲੰਦ ਕਰਨ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਸਰਕਾਰ ਨੇ ਅਫਗਾਨ ਲੋਕਾਂ ਦੀ ਮਦਦ ਲਈ ਭੇਜਿਆ 'ਫੰਡ'
ਉਨ੍ਹਾਂ ਅੱਗੇ ਕਿਹਾ ਕਿ ਖੇਤੀ ਕਿਸਾਨਾਂ ਲਈ ਮਨੁੱਖੀ ਅਧਿਕਾਰ ਹੈ ਇਸ 'ਤੇ ਰਾਜਨੀਤੀ ਨਾ ਕੀਤੀ ਜਾਵੇ। ਕਿਸਾਨੀ ਨੂੰ ਬਚਾਉਣ ਲਈ ਸਹਿਕਾਰੀ ਖੇਤੀ ਵੱਲ ਮੁੜਨ ਦੀ ਲੋੜ ਹੈ ਤੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਧੇਰੇ ਫਸਲਾਂ ਨੂੰ ਲਿਆਉਣਾ ਚਾਹੀਦਾ ਹੈ, ਜਿਸ ਨਾਲ ਖੇਤੀ ਨੂੰ ਸਹਾਇਤਾ ਮਿਲੇਗੀ। ਭਾਰਤ ਵਿੱਚ 70 ਪ੍ਰਤੀਸ਼ਤ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ, ਦੇਸ਼ ਦੀ ਡੁੱਬਦੀ ਆਰਥਿਕਤਾ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀ ਬਚਦਾ ਹੈ। ਪਰ ਜੇ ਸਰਕਾਰ, ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਤੋ ਇਨਕਾਰੀ ਹੋ ਕੇ ਨਿੱਜੀ ਕਾਰਪੋਰੇਸ਼ਨਾਂ ਦਾ ਪੱਖ ਪੂਰਦੀ ਹੈ ਤਾਂ ਭਵਿੱਖ ਵਿੱਚ ਭੁੱਖਮਰੀ ਦਾ ਸਾਹਮਣਾ ਕਰਨ ਦੇ ਨਾਲ-ਨਾਲ ਦੇਸ਼ ਵਧੇਰੇ ਗਰੀਬੀ ਵੱਲ ਵਧੇਗਾ। ਇਸ ਮੌਕੇ ਮਾਝਾ ਯੂਥ ਕਲੱਬ ਵੱਲੋਂ ਬਲਰਾਜ ਸਿੰਘ ਸੰਧੂ, ਰਣਜੀਤ ਗਿੱਲ, ਮਨ ਖੈਹਿਰਾ, ਅਤਿੰਦਰਪਾਲ, ਜੱਗਾ ਵੜੈਂਚ ਤੇ ਹਰਮਨਦੀਪ ਗਿੱਲ ਆਦਿ ਨੇ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ।
ਨੋਟ- ਆਸਟ੍ਰੇਲੀਆ ਵਿਚ ਕਿਸਾਨਾਂ ਦੀ ਹਮਾਇਤ ਵਿਚ ਕੀਤੇ ਰੋਸ ਮੁਜਾਹਰੇ 'ਤੇ ਕੁਮੈਂਟ ਕਰ ਦਿਓ ਰਾਏ।