ਆਸਟ੍ਰੇਲੀਆ : 8 ਸਾਲ ਬਾਅਦ ਪਤਨੀ ਦੇ ਕਤਲ ਕੇਸ ''ਚੋਂ ਪੰਜਾਬੀ ਨੌਜਵਾਨ ਬਰੀ

Friday, Apr 02, 2021 - 06:10 PM (IST)

ਆਸਟ੍ਰੇਲੀਆ : 8 ਸਾਲ ਬਾਅਦ ਪਤਨੀ ਦੇ ਕਤਲ ਕੇਸ ''ਚੋਂ ਪੰਜਾਬੀ ਨੌਜਵਾਨ ਬਰੀ

ਸਿਡਨੀ (ਸਨੀ ਚਾਂਦਪੁਰੀ): ਪਤੀ ਪਤਨੀ ਦਾ ਰਿਸ਼ਤਾ ਇੱਕ ਅਨਿੱਖੜਵਾਂ ਰਿਸ਼ਤਾ ਹੁੰਦਾ ਹੈ। ਜ਼ਿੰਦਗੀ ਦੀ ਗੱਡੀ ਇਹਨਾਂ ਦੋਵਾਂ ਪਹੀਆਂ ਤੋਂ ਬਿਨਾਂ ਚੱਲ ਨਹੀਂ ਸਕਦੀ ਪਰ ਜੇਕਰ ਇਸ ਰਿਸ਼ਤੇ ਵਿੱਚ ਦਰਾਰ ਆ ਜਾਵੇ ਫਿਰ ਇਹ ਜ਼ਿੰਦਗੀ ਨਰਕ ਵੀ ਬਣ ਜਾਂਦੀ ਹੈ। ਅਕਸਰ ਹੀ ਜੇਕਰ ਰਿਸ਼ਤਾ ਟੁੱਟਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਆਦਮੀ ਨੂੰ ਮੰਨਿਆ ਜਾਂਦਾ ਹੈ ਜੋ ਕਿ ਕਈ ਮਾਮਲਿਆਂ ਵਿੱਚ ਸੱਚ ਨਹੀਂ ਹੁੰਦਾ। ਇਹੋ ਜਿਹੇ ਇੱਕ ਮਾਮਲੇ ਵਿੱਚ ਕੁਲਵਿੰਦਰ ਸਿੰਘ ਬਰੀ ਹੋਇਆ ਹੈ।

2013 ਵਿੱਚ ਸਿਡਨੀ ਦੇ ਰੋਸ ਹਿੱਲ ਇਲਾਕੇ ਵਿੱਚ ਪੰਜਾਬੀ ਲੜਕੀ ਦੀ ਮੌਤ ਹੋ ਗਈ ਸੀ ਜਿਸ ਦੇ ਕਤਲ ਦਾ ਦੋਸ਼ ਉਸ ਦੇ ਪਤੀ 'ਤੇ ਲਗਾਇਆ ਜਾ ਰਿਹਾ ਸੀ, ਜਿਸ ਦਾ ਬੀਤੇ ਦਿਨੀਂ ਨਿਊ ਸਾਊਥ ਵੇਲਜ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਮ੍ਰਿਤਕ ਪਰਵਿੰਦਰ ਕੌਰ ਦੇ ਪਤੀ ਕੁਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਦਸੰਬਰ 2013 ਵਿੱਚ ਪਰਵਿੰਦਰ ਕੌਰ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ, ਜਿਸ ਦੇ ਕਾਰਣ ਉਸ ਦੀ ਮੌਤ ਹੋ ਗਈ ਸੀ। ਅਦਾਲਤ ਵਿੱਚ ਜਾਰੀ ਰਿਪੋਰਟ ਮੁਤਾਬਿਕ ਪਰਵਿੰਦਰ ਕੌਰ ਨੇ ਖ਼ੁਦ ਹੀ ਆਪਣੇ ਆਪ 'ਤੇ ਪੈਟਰੋਲ ਪਾਇਆ ਸੀ। ਪੈਟਰੋਲ ਕੈਨ ਜਿਸ ਵਿੱਚੋਂ ਤੇਲ ਵਰਤਿਆ ਗਿਆ ਸੀ ਉਸ 'ਤੇ ਪਰਵਿੰਦਰ ਕੌਰ ਦੀਆਂ ਉਂਗਲੀਆਂ ਦੇ ਨਿਸ਼ਾਨ ਪਾਏ ਗਏ ਸਨ। 

PunjabKesari
 

ਜਾਣਕਾਰੀ ਮੁਤਾਬਿਕ ਪਰਵਿੰਦਰ ਕੌਰ, ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਸੀ, ਜਿਸ ਦਾ ਕੁਲਵਿੰਦਰ ਸਿੰਘ ਨਾਲ 2005 ਵਿਚ ਵਿਆਹ ਹੋਇਆ ਅਤੇ ਅਗਲੇ ਸਾਲ ਉਹ ਸਿਡਨੀ ਚਲੀ ਗਈ। ਘਰੇਲੂ ਝਗੜੇ ਦੇ ਚੱਲਦਿਆਂ ਸ਼ਾਇਦ ਪਰਵਿੰਦਰ ਕੌਰ ਨੇ ਅੱਗ ਲਗਾਉਣ ਦਾ ਡਰਾਵਾ ਦਿੱਤਾ, ਜਿਸ ਨਾਲ ਅੱਗ ਕੱਪੜਿਆਂ ਨੂੰ ਪੈ ਗਈ ਅਤੇ ਉਹ ਅੱਗ ਨਾਲ ਝੁਲ਼ਸ ਗਈ। ਰਿਪੋਰਟ ਮੁਤਾਬਕ ਅੱਗ ਲਗਾਉਣ ਸਮੇਂ ਪਰਵਿੰਦਰ ਕੌਰ ਨੇ ਵਾਲਾਂ 'ਤੇ ਤੌਲੀਆ ਬੰਨਿਆਂ ਹੋਇਆ ਸੀ ਜਿਸ ਨਾਲ ਉਸ ਦਾ ਮੂੰਹ ਨਹੀਂ ਸੜਿਆ। 000 'ਤੇ ਕਾਲ ਕਰਨ ਸਮੇਂ ਵੀ ਉਸ ਦੀ ਆਵਾਜ਼ ਪੂਰੀ ਤਰਾਂ ਸੱਚ ਨਹੀਂ ਜਾਪ ਰਹੀ ਸੀ। 

3 ਦਸੰਬਰ, 2013 ਨੂੰ ਉਸ ਦੀ 32 ਸਾਲ ਦੀ ਉਮਰ ਵਿਚ ਸਿਡਨੀ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਕੁਲਵਿੰਦਰ ਸਿੰਘ 'ਤੇ ਪਰਵਿੰਦਰ ਕੌਰ ਦੀ ਹੱਤਿਆ ਦਾ ਦੋਸ਼ ਲਾਇਆ ਗਿਆ ਸੀ ਅਤੇ 2017 ਵਿੱਚ ਨਿਊ ਸਾਊਥ ਵੇਲਜ਼ ਪੁਲਸ ਦੇ ਹੋਮਿਸਾਈਡ ਸਕੁਐਡ ਦੁਆਰਾ ਪੜਤਾਲ ਤੋਂ ਬਾਅਦ ਨਵੰਬਰ 2017 ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ, ਉਸ ਨੇ ਆਪਣੀ ਬੇਗੁਨਾਹਤਾ ਬਣਾਈ ਰੱਖੀ ਅਤੇ ਮੁਕੱਦਮੇ ਦੌਰਾਨ ਦਲੀਲ ਦਿੱਤੀ ਕਿ ਉਸ ਦੀ ਪਤਨੀ ਪਰਵਿੰਦਰ ਕੌਰ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਮਾਣਯੋਗ ਜੱਜ ਨੇ ਮੁਕੱਦਮੇ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੁਲਵਿੰਦਰ ਸਿੰਘ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ, ਜਿਸ ਨਾਲ ਕੁਲਵਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਮਹਿਲਾ ਨੇਤਾ ਵੱਲੋਂ ਯੌਨ ਸ਼ੋਸ਼ਣ 'ਤੇ ਕੀਤੀ ਟਿੱਪਣੀ 'ਤੇ ਮਚਿਆ ਬਖੇੜਾ, ਹੁਣ ਮੰਗੀ ਮੁਆਫ਼ੀ

8 ਸਾਲ ਚੱਲੇ ਇਸ ਕੇਸ ਵਿੱਚ ਕੁਲਵਿੰਦਰ ਸਿੰਘ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਉਹ ਮਾਨਸਿਕ ਤਣਾਅ ਵਿੱਚ ਵੀ ਰਿਹਾ। ਆਪਣੀ ਨੌਕਰੀ ਵੀ ਗੁਆਉਣੀ ਪਈ ਇਸ ਹੀ ਕੇਸ ਕਰਕੇ ਉਸ ਨੂੰ ਆਪਣਾ ਘਰ ਤੱਕ ਵੇਚਣਾ ਪਿਆ ਪਰ ਇਸ ਕੇਸ ਦੇ ਫ਼ੈਸਲੇ ਤੋਂ ਬਾਅਦ ਲੱਗਦਾ ਹੈ ਕਿ ਕੁਲਵਿੰਦਰ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਸਵੇਰ ਆਈ ਹੈ। ਜਿਸ ਨਾਲ ਉਸ ਨੂੰ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।

ਨੋਟ- 8 ਸਾਲ ਬਾਅਦ ਪਤਨੀ ਦੇ ਕਤਲ ਕੇਸ 'ਚੋਂ ਪੰਜਾਬੀ ਨੌਜਵਾਨ ਬਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News