ਦੋਹਾਂ ਮੁਲਕਾਂ ''ਚ ਸਾਂਝ ਵਧਾਉਣ ਲਈ ਸੰਗੀਤ ਦਾ ਅਹਿਮ ਰੋਲ- ਆਰਿਫ ਲੁਹਾਰ

11/04/2018 4:35:22 PM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲ਼ੀਆ ਦੌਰੇ ਤੇ ਪੁੱਜੇ ਪਾਕਿਸਤਾਨੀ ਪੰਜਾਬੀ ਗਾਇਕ ਆਰਿਫ ਲੁਹਾਰ ਅਤੇ ਕੰਵਰ ਗਰੇਵਾਲ ਬੀਤੇ ਦਿਨੀਂ ਮੈਲਬੋਰਨ ਵਿਚ ਆਯੋਜਿਤ ਵਿਸ਼ੇਸ਼ ਪ੍ਰੈੱਸ ਮਿਲਣੀ ਦੌਰਾਨ ਲੋਕਾਂ ਦੇ ਰੂਬਰੂ ਹੋਏ। ਜਨਾਬ ਆਰਿਫ ਲੁਹਾਰ ਨੇ ਪੱਤਰਕਾਰਾਂ ਨਾਲ ਮੁਖਾਤਿਬ ਹੁੰਦਿਆਂ ਦੱਸਿਆ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਬਾਸ਼ਿੰਦਿਆਂ ਦਰਮਿਆਨ ਧਰਮ, ਸੱਭਿਆਚਾਰ, ਬੋਲੀ, ਮਿੱਟੀ ਤੋਂ ਇਲਾਵਾ ਸੰਗੀਤ ਦੀ ਵੀ ਪੁਰਾਣੀ ਸਾਂਝ ਹੈ।ਪਾਕਿਸਤਾਨ ਦੇ ਫਨਕਾਰਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਸੰਗੀਤ ਜ਼ਰੀਏ ਦੋਹਾਂ ਦੇਸ਼ਾਂ ਦੀ ਆਪਸੀ ਕੁੜੱਤਣ ਘੱਟ ਸਕੇ ਤੇ ਲੋਕ ਚੜ੍ਹਦੇ ਤੇ ਲਹਿੰਦੇ ਪਾਸੇ ਬਿਨਾ ਕਿਸੇ ਰੋਕ-ਟੋਕ ਦੇ ਆ ਜਾ ਸਕਣ।

ਉਹਨਾਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੋਹਾਂ ਦੇਸ਼ਾਂ ਵਿਚਕਾਰ ਸੰਬੰਧ ਸੁਧਾਰਨ ਦੀ ਪਹਿਲਕਦਮੀ ਦਾ ਸਵਾਗਤ ਵੀ ਕੀਤਾ।ਪੰਜਾਬ ਤੋਂ ਪੁੱਜੇ ਸੂਫੀ ਗਾਇਕ ਕੰਵਰ ਗਰੇਵਾਲ ਨੇ ਸਰੋਤਿਆਂ ਨੂੰ ਮਿਆਰੀ ਸੰਗੀਤ ਸੁਣਨ ਲਈ ਪ੍ਰੇਰਿਆ।ਉਹਨਾਂ ਕਿਹਾ ਕਿ ਵਧੀਆ ਗੀਤ ਰੂਹ ਦੀ ਖੁਰਾਕ ਬਣਦੇ ਹਨ ਅਤੇ ਇਨਸਾਨ ਦੀ ਸਮਾਜ ਪ੍ਰਤੀ ਸਿਰਜਣਾਤਮਕ ਸੋਚ ਦਾ ਪ੍ਰਤੀਕ ਹੋ ਨਿਬੜਦੇ ਹਨ।ਇਸ ਮੌਕੇ ਸਰਵਣ ਸੰਧੂ, ਗੁਰਸਾਹਿਬ ਸੰਧੂ, ਪ੍ਰਗਟ ਗਿੱਲ ਅਤੇ ਹਰਪ੍ਰੀਤ ਸੰਧੂ ਨੇ ਦੱਸਿਆ ਕਿ ਆਸਟ੍ਰੇਲੀਆ ਵੱਸਦੇ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਨੂੰ ਇਕ ਮੰਚ ਤੇ ਇਕੱਠਾ ਕਰਨਾ ਸਾਡੀ ਖੁਸ਼ਕਿਸਮਤੀ ਹੈ ।

ਆਸਟ੍ਰੇਲੀਆ ਵਿਚ ਭਾਰਤ-ਪਾਕਿ ਲੋਕਾਂ ਦੀ ਆਪਸੀ ਸਾਂਝ ਦਾ ਅਸਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਰਿਸ਼ਤਿਆਂ ਨੂੰ ਹੋਰ ਪੁਖਤਾ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ ਲਈ ਕਾਰਗਰ ਸਿੱਧ ਹੋ ਰਿਹਾ ਹੈ ।ਉਹਨਾਂ ਦੱਸਿਆ ਕਿ ਮੈਲਬੌਰਨ ਕੱਪ ਵਾਲੇ ਦਿਨ ਹੋ ਰਹੀ ਸੰਗੀਤਕ ਸ਼ਾਮ ਵਿਚ ਦੋਹਾਂ ਦੇਸ਼ਾਂ ਦੇ ਗਵੱਈਏ ਪਿਆਰ, ਮੁਹੱਬਤ ਅਤੇ ਸਾਂਝ ਦਾ ਪੈਗਾਮ ਦੇਣ ਜਾ ਰਹੇ ਹਨ ਜਿਸ ਦੀ ਕਿ ਸੰਗੀਤ ਪ੍ਰੇਮੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।


Vandana

Content Editor

Related News