ਫੌਜੀ ਅੱਡੇ 'ਤੇ ਹਮਲਾ, 8 ਜਵਾਨ ਸ਼ਹੀਦ, ਜਵਾਬੀ ਕਾਰਵਾਈ 'ਚ ਮਾਰੇ ਗਏ 10 ਅੱਤਵਾਦੀ
Tuesday, Jul 16, 2024 - 06:26 PM (IST)
ਪੇਸ਼ਾਵਰ(ਭਾਸ਼ਾ) - ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਫੌਜ ਦੇ ਇਕ ਵੱਡੇ ਅੱਡੇ 'ਤੇ ਹੋਏ ਹਮਲੇ ਵਿਚ ਘੱਟੋ-ਘੱਟ 8 ਪਾਕਿਸਤਾਨੀ ਫੌਜ ਦੇ ਜਵਾਨ ਮਾਰੇ ਗਏ ਜਦਕਿ ਸੁਰੱਖਿਆ ਬਲਾਂ ਨੇ ਸਾਰੇ 10 ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ ਸਾਰੇ 10 ਅੱਤਵਾਦੀ ਵੀ ਮਾਰੇ ਗਏ ਹਨ।
ਇਹ ਅੱਤਵਾਦੀ ਸੋਮਵਾਰ ਨੂੰ ਬੰਨੂ ਛਾਉਣੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬਿਆਨ ਅਨੁਸਾਰ, ਜਦੋਂ ਹਮਲੇ ਦੀ ਕੋਸ਼ਿਸ਼ ਅਸਫਲ ਹੋ ਗਈ ਤਾਂ ਅੱਤਵਾਦੀਆਂ ਨੇ ਵਿਸਫੋਟਕਾਂ ਨਾਲ ਭਰੇ ਇੱਕ ਵਾਹਨ ਨੂੰ ਛਾਉਣੀ ਦੀ ਕੰਧ ਨਾਲ ਟਕਰਾ ਦਿੱਤਾ, ਜਿਸ ਨਾਲ ਕੰਧ ਦਾ ਇੱਕ ਹਿੱਸਾ ਢਹਿ ਗਿਆ ਅਤੇ ਆਲੇ ਦੁਆਲੇ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ।
ਬਿਆਨ 'ਚ ਕਿਹਾ ਗਿਆ ਹੈ ਕਿ ਜਵਾਬੀ ਕਾਰਵਾਈ ਦੌਰਾਨ 8 ਜਵਾਨ ਸ਼ਹੀਦ ਹੋ ਗਏ ਅਤੇ ਸਾਰੇ 10 ਅੱਤਵਾਦੀ ਮਾਰੇ ਗਏ। ਇਸ ਵਿਚ ਕਿਹਾ ਗਿਆ ਹੈ ਕਿ ਇਹ ਹਮਲਾ ਹਾਫਿਜ਼ ਗੁਲ ਬਹਾਦੁਰ ਸਮੂਹ ਦੁਆਰਾ ਕੀਤਾ ਗਿਆ ਸੀ, ਜੋ ਅਫਗਾਨਿਸਤਾਨ ਤੋਂ ਸੰਚਾਲਿਤ ਹੈ ਅਤੇ ਅਤੀਤ ਵਿਚ ਪਾਕਿਸਤਾਨ ਦੇ ਅੰਦਰ ਅੱਤਵਾਦੀ ਕਾਰਵਾਈਆਂ ਕਰਨ ਲਈ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰ ਚੁੱਕਾ ਹੈ।