7 ਹਫਤਿਆਂ ਦਾ ਬੱਚਾ ਲੜ ਰਿਹੈ ਜ਼ਿੰਦਗੀ ਲਈ ਜੰਗ, ਪਿਤਾ ''ਤੇ ਲੱਗੇ ਦੋਸ਼

Sunday, Aug 18, 2019 - 11:28 AM (IST)

7 ਹਫਤਿਆਂ ਦਾ ਬੱਚਾ ਲੜ ਰਿਹੈ ਜ਼ਿੰਦਗੀ ਲਈ ਜੰਗ, ਪਿਤਾ ''ਤੇ ਲੱਗੇ ਦੋਸ਼

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਇਕ ਮਾਸੂਮ ਬੱਚਾ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਹੈ। ਇਸ ਬੱਚੇ ਨੂੰ ਦਰਦ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਪਿਤਾ ਨੇ ਹੀ ਦਿੱਤਾ ਹੈ। ਬੱਚੇ ਦੀ ਉਮਰ ਅਜੇ ਸਿਰਫ 7 ਹਫਤਿਆਂ ਦੀ ਹੈ ਪਰ ਉਸ ਦੇ ਸਰੀਰ 'ਤੇ ਉਸ ਦੀ ਉਮਰ ਤੋਂ ਕਿਤੇ ਵਧੇਰੇ ਜ਼ਖਮ ਹਨ। ਬੱਚਾ ਪਿਛਲੇ ਹਫਤੇ ਤੋਂ ਹਸਪਤਾਲ 'ਚ ਭਰਤੀ ਹੈ। ਜਾਣਕਾਰੀ ਮੁਤਾਬਕ ਬੱਚੇ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਪਹਿਲਾਂ ਉਸ ਨੂੰ ਸਨਸ਼ਾਈਨ ਕੋਸਟ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਹੁਣ ਉਸ ਨੂੰ ਕੁਈਨਜ਼ਲੈਂਡ ਦੇ ਵੱਡੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

ਐਤਵਾਰ ਤਕ ਬੱਚਾ ਹਸਪਤਾਲ 'ਚ ਹੀ ਹੈ। ਬ੍ਰਿਸਬੇਨ ਮੈਜੀਸਟ੍ਰੇਟ ਕੋਰਟ ਨੇ ਸ਼ਨੀਵਾਰ ਨੂੰ ਕਿਹਾ ਕਿ 26 ਸਾਲਾ ਪਿਤਾ ਨੇ ਆਪਣੇ ਬੱਚੇ ਦੀ ਅਜਿਹੀ ਸਥਿਤੀ ਕਰ ਦਿੱਤੀ ਹੈ ਕਿ ਉਸ ਦਾ ਬਚਣਾ ਔਖਾ ਹੈ। ਜੇਕਰ ਉਹ ਨਾ ਬਚ ਸਕਿਆ ਤਾਂ ਉਸ ਦੇ ਪਿਤਾ ਨੂੰ ਜਾਣ-ਬੁੱਝ ਕੇ ਕੀਤੇ ਗਏ ਕਤਲ ਦਾ ਦੋਸ਼ੀ ਠਹਿਰਾਇਆ ਜਾਵੇਗਾ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀਆਂ ਹੱਡੀਆਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀਆਂ ਹਨ ਤੇ ਉਸ ਦੇ ਸਰੀਰ 'ਤੇ ਜ਼ਖਮਾਂ ਦੇ ਕਈ ਨਿਸ਼ਾਨ ਹਨ। ਹਾਲਾਂਕਿ ਵਿਅਕਤੀ ਦਾ ਕਹਿਣਾ ਹੈ ਕਿ ਬੱਚੇ ਦੇ ਸੱਟਾਂ ਕਿਸੇ ਦੁਰਘਟਨਾ ਕਾਰਨ ਲੱਗੀਆਂ ਹਨ ਪਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਤਾ ਨੂੰ 16 ਸਤੰਬਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News