ਰੂਸ ਵੱਲੋਂ ਹਮਲੇ ਜਾਰੀ, ਫ਼ੌਜ ਨੇ ਯੂਕ੍ਰੇਨ ਦੇ ਕੁਝ ਸ਼ਹਿਰਾਂ ’ਤੇ ਕੀਤਾ ਕਬਜ਼ਾ

Friday, Feb 25, 2022 - 04:52 PM (IST)

ਕੀਵ/ਪੈਰਿਸ (ਏਜੰਸੀ)-ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਸ਼ੁੱਕਰਵਾਰ ਨੂੰ ਇਕ ਰਾਕੇਟ ਇਕ ਬਹੁ-ਮੰਜ਼ਿਲਾ ਅਪਾਰਟਮੈਂਟ ਨਾਲ ਟਕਰਾਇਆ, ਜਿਸ ਨਾਲ ਇਮਾਰਤ ਨੂੰ ਅੱਗ ਲੱਗ ਗਈ ਤੇ ਘੱਟੋ-ਘੱਟ ਤਿੰਨ ਲੋਕ ਜ਼ਖ਼ਮੀ ਹੋ ਗਏ। ਕੀਵ ਦੇ ਮੇਅਰ ਵਿਟਾਲੀ ਕਲਿਚਸਕੋ ਨੇ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਕੀਵ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਰੂਸੀ ਫ਼ੌਜੀ ਸੁਮੀ ਸ਼ਹਿਰ ’ਚ ਦਾਖਲ ਹੋ ਗਏ, ਜੋ ਯੂਕਰੇਨ ਦੀ ਰਾਜਧਾਨੀ ਵੱਲ ਜਾਣ ਵਾਲੇ ਹਾਈਵੇਅ ’ਤੇ ਸਥਿਤ ਹੈ। ਖੇਤਰੀ ਗਵਰਨਰ ਦਿਮਿਤਰੋ ਜ਼ਿਵਿਟਸਕੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, “ਸੂਮੀ ਤੋਂ ਮਿਲਟਰੀ ਵਾਹਨ ਕੀਵ ਵੱਲ ਵਧ ਰਹੇ ਹਨ। ਬਹੁਤ ਸਾਰੇ ਵਾਹਨ ਪੱਛਮ ਵੱਲ ਲੰਘ ਗਏ ਹਨ।’’ ਜ਼ਿਵਿਟਸਕੀ ਮੁਤਾਬਕ ਰੂਸੀ ਬਲਾਂ ਨੇ ਉੱਤਰ-ਪੂਰਬੀ ਸ਼ਹਿਰ ਕੋਨੋਟੋਪ ’ਤੇ ਵੀ ਕਬਜ਼ਾ ਕਰ ਲਿਆ ਹੈ। ਉਸਨੇ ਇਲਾਕਾ ਨਿਵਾਸੀਆਂ ਨੂੰ ਰੂਸੀ ਫੌਜ ਦਾ ਟਾਕਰਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਨਾਲ ਦੂਜੇ ਦਿਨ ਵੀ ਦਹਿਲਿਆ ਯੂਕ੍ਰੇਨ, ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਜੰਗਬੰਦੀ ਦੀ ਅਪੀਲ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫ਼ੌਜ ਦਾ ਇਹ ਦਾਅਵਾ ‘ਝੂਠਾ’ ਹੈ ਕਿ ਉਹ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਨਹੀਂ ਬਣਾ ਰਹੀ। ਉਨ੍ਹਾਂ ਕਿਹਾ ਕਿ ਯੂਕ੍ਰੇਨ ’ਚ ਫ਼ੌਜੀ ਅਤੇ ਰਿਹਾਇਸ਼ੀ ਖੇਤਰ ਦੋਵੇਂ ਹੀ ਰੂਸੀ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਕਿਹਾ ਕਿ ਫਰਾਂਸ ਤੇ ਉਸ ਦੇ ਯੂਰਪੀ ਸਹਿਯੋਗੀਆਂ ਨੇ ਫ਼ੌਜੀ, ਊਰਜਾ, ਵਿੱਤ ਸਮੇਤ ਹੋਰ ਖੇਤਰਾਂ ਨਾਲ ਜੁੜੇ ਰੂਸੀ ਨਾਗਰਿਕਾਂ ਤੇ ਕੰਪਨੀਆਂ ’ਤੇ ਪਾਬੰਦੀਆਂ ਲਗਾ ਕੇ ਮਾਸਕੋ ’ਤੇ ‘ਬਹੁਤ ਸਖ਼ਤ ਵਾਰ’ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਨਾਲ ਜੁੜੇ ਕਾਨੂੰਨੀ ਖਰੜੇ ਨੂੰ ਅੰਤਿਮ ਰੂਪ ਦੇ ਕੇ ਉਸ ਨੂੰ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ। ਮੈਕਰੋਨ ਨੇ ਇਹ ਵੀ ਕਿਹਾ ਕਿ ਯੂਰਪੀ ਸੰਘ ਨੇ ਯੂਕਰੇਨ ਨੂੰ ਆਰਥਿਕ ਸਹਾਇਤਾ ਵਜੋਂ 1.5 ਅਰਬ ਯੂਰੋ (ਲੱਗਭਗ 1.68 ਅਰਬ ਡਾਲਰ) ਦੇਣ ਦਾ ਫ਼ੈਸਲਾ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਯੂਕਰੇਨ ’ਤੇ ਰੂਸ ਦੇ ਫੌਜੀ ਹਮਲੇ ’ਚ ਬੇਲਾਰੂਸ ਦੀ ਸਰਕਾਰ ਨੂੰ ਵੀ ਭਾਈਵਲ ਕਰਾਰ ਦਿੱਤਾ। 


Manoj

Content Editor

Related News