ਰੋਬੋਟ ਹੋਣਗੇ ਭਵਿੱਖ ਦੇ ਜੱਜ, ਜ਼ਿਆਦਾਤਰ ਮਾਮਲਿਆਂ ''ਚ ਸੁਣਾਇਆ ਸਹੀ ਫੈਸਲਾ

10/25/2016 11:30:20 AM

ਲੰਡਨ— ਆਉਣ ਵਾਲੇ ਸਮੇਂ ਵਿਚ ਤੁਸੀਂ ਅਦਾਲਤਾਂ ਵਿਚ ਜੱਜਾਂ ਦੀ ਥਾਂ ''ਤੇ ਰੋਬੋਟਾਂ ਨੂੰ ਬੈਠੇ ਹੋਏ ਦੇਖ ਸਕਦੇ ਹੋ। ਸੁਣਨ ਨੂੰ ਇਹ ਥੋੜ੍ਹਾ ਅਜੀਬ ਜ਼ਰੂਰ ਲੱਗਦਾ ਹੈ ਪਰ ਇਕ ਇਸ ਸੰਬੰਧੀ ਅਧਿਐਨ ਹੋ ਚੁੱਕਾ ਹੈ, ਜਿਸ ਵਿਚ ਰੋਬੋਟ ਪੂਰੀ ਤਰ੍ਹਾਂ ਸਫਲ ਰਹੇ ਹਨ। ਆਰਟੀਫਿਸ਼ਲ ਇੰਟੈਲੀਜੈਂਸ (ਬਣਾਉਟੀ ਬੁੱਧੀ) ਨਾਲ ਲੈਸ ਇਹ ਰੋਬੋਟ ਆਉਣ ਵਾਲੇ ਦਿਨਾਂ ਵਿਚ ਅਦਾਲਤਾਂ ਵਿਚ ਮਨੁੱਖਾਂ ਦੀ ਕਿਸਮਤ ਦਾ ਫੈਸਲਾ ਕਰਦੇ ਦਿਖਾਈ ਦੇ ਸਕਦੇ ਹਨ। ਇਕ ਨਵੇਂ ਅਧਿਐਨ ਵਿਚ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੀ ਸੁਣਵਾਈ ਇਕ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਕੀਤੀ ਗਈ ਅਤੇ 79 ਫੀਸਦੀ ਮਾਮਲਿਆਂ ਵਿਚ ਸਹੀ ਫੈਸਲਾ ਆਇਆ। ਅਧਿਐਨਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਸ ਤਕਨਾਲੋਜੀ ਨੇ ਪਹਿਲਾਂ ਮੁੱਖ ਅੰਤਰਰਾਸ਼ਟਰੀ ਅਦਾਲਤ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ। ਇਹ ਵਿਸ਼ਲੇਸ਼ਣ ਇਕ ਐਲਗੋਰਿਥਮ ਸਿੱਖਣ ਵਾਲੀ ਮਸ਼ੀਨ ਦੇ ਇਸਤੇਮਾਲ ਨਾਲ ਕੀਤਾ ਗਿਆ, ਜੋ ਯੂਨੀਵਰਸਿਟੀ ਕਾਲਜ ਲੰਡਨ, ਸ਼ੇਫੀਲਡ ਯੂਨੀਵਰਸਿਟੀ ਅਤੇ ਪੇਨਸਿਲਵੇਨੀਆ ਯੂਨੀਵਰਸਿਟੀ ਦੇ ਅਧਿਐਨਕਰਤਾਵਾਂ ਵੱਲੋਂ ਤਿਆਰ ਕੀਤੀ ਗਈ ਸੀ। ਯੂ. ਸੀ. ਐੱਲ. ਵਿਚ ਕੰਪਿਊਟਰ ਸਾਇੰਸ ਦੇ ਅਧਿਐਨ ਦੀ ਅਗਵਾਈ ਕਰਨ ਵਾਲੇ ਡਾ. ਨਿਕੋਲਾਓਸ ਏਲੀਟ੍ਰਾਸ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਆਉਣ ਵਾਲੇ ਸਮੇਂ ਵਿਚ ਜੱਜਾਂ ਅਤੇ ਵਕੀਲਾਂ ਦੀ ਥਾਂ ਲੈ ਸਕੇਗੀ ਪਰ ਇਹ ਤਕਨੀਕ ਕੇਸ ਦੇ ਪੈਟਰਨ ਦੀ ਪਛਾਣ ਕਰਨ ਵਿਚ ਸਮਰੱਥ ਹੋ ਸਕੇਗੀ। ਇਹ ਤਕਨਾਲੋਜੀ ਮਨੁੱਖੀ ਅਧਿਕਾਰਾਂ ''ਤੇ ਯੂਰਪੀ ਕਨਵੈਂਸ਼ਨ ਨਾਲ ਸੰਬੰਧਤ ਮਾਮਲਿਆਂ ਦਾ ਪਤਾ ਲਗਾਉਣ ਵਿਚ ਮਹੱਤਵਪੂਰਨ ਸਾਬਤ ਹੋਵੇਗੀ। ਇਹ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ।

Kulvinder Mahi

News Editor

Related News