ਅਰੂਸਾ ਆਲਮ ਦੇ ਬੇਟੇ ਨੇ ਕੀਤੀ ਈ-ਸਪੋਰਟਸ ਕੰਪਨੀ ’ਚ ਹਿੱਸੇਦਾਰੀ
Sunday, Oct 03, 2021 - 03:11 AM (IST)
ਲਾਹੌਰ – ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਈ-ਸਪੋਰਟਸ ਕੰਪਨੀ ਨੇ ਪਾਕਿਸਤਾਨ ਦੇ ਸੈਲੀਬ੍ਰਿਟੀ ਤੇ ਉੱਦਮੀ ਫਖਰ-ਏ-ਆਲਮ ਨਾਲ ਭਾਈਵਾਲੀ ਕੀਤੀ ਹੈ। ਅਭਿਨੇਤਾ, ਸੰਗੀਤਕਾਰ, ਟੀ. ਵੀ. ਸ਼ਖਸੀਅਤ ਤੇ ਉੱਦਮੀ ਫਖਰ-ਏ-ਆਲਮ ਨੂੰ ਸ਼ਾਇਦ ਘੱਟ ਭਾਰਤੀ ਹੀ ਜਾਣਦੇ ਹੋਣਗੇ। ਫਖਰ-ਏ-ਆਲਮ ਅਰੂਸਾ ਆਲਮ ਦਾ ਬੇਟਾ ਹੈ। ਅਰੂਸਾ ਆਲਮ ਪੇਸ਼ੇ ਤੋਂ ਪਾਕਿਸਤਾਨੀ ਰੱਖਿਆ ਮਾਮਲਿਆਂ ਦੀ ਸਾਬਕਾ ਪੱਤਰਕਾਰ ਹੈ ਅਤੇ ਪਾਕਿਸਤਾਨੀ ਫੌਜ ਦੀ ਪ੍ਰਣਾਲੀ ਵਿਚ ਚੰਗੀ ਪਕੜ ਰੱਖਦੀ ਹੈ। ਅਰੂਸਾ, ਅਕਲੀਨ ਅਖਤਰ ਦੀ ਬੇਟੀ ਹੈ, ਜੋ ਜਨਰਲ ਰਾਣੀ ਦੇ ਨਾਂ ਨਾਲ ਮਸ਼ਹੂਰ ਰਹੀ ਹੈ। ਜਾਣਕਾਰੀ ਅਨੁਸਾਰ ਫਖਰ ਨੇ ਦੁਬਈ ’ਚ ਸਥਿਤ ਗੈਲੇਕਸੀ ਰੇਸਰ ਵਿਚ ਵਿਸਤਾਰ ਕਰਨ ਲਈ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਈ-ਸਪੋਰਟਸ ਕੰਪਨੀਆਂ ਵਿਚੋਂ ਇਕ ਨਾਲ ਹਿੱਸੇਦਾਰੀ ਕੀਤੀ ਹੈ।
ਗੈਲੇਕਸੀ ਰੇਸਰ ਦੇ ਗਾਹਕਾਂ ਦੀ ਗਿਣਤੀ ਦੁਨੀਆ ਭਰ ਵਿਚ 400 ਮਿਲੀਅਨ ਨੂੰ ਪਾਰ ਕਰ ਗਈ ਹੈ ਅਤੇ ਇਸ ਦੀ ਕੀਮਤ ਡੇਢ ਬਿਲੀਅਨ ਡਾਲਰ ਹੈ। ਫਖਰ-ਏ-ਆਲਮ ਇਸ ਦੇ ਨਵੇਂ ਹਿੱਸੇਦਾਰ ਹੋਣਗੇ। ਨਵੇਂ ਸੌਦੇ ਦੇ ਨਤੀਜੇ ਵਜੋਂ ਫਖਰ-ਏ-ਆਲਮ ਨੇ ਕੰਪਨੀ ਵਿਚ 40 ਮਿਲੀਅਨ ਡਾਲਰ ਦੀ ਹਿੱਸੇਦਾਰੀ ਲੈ ਲਈ ਹੈ। ਫਖਰ ਨੂੰ ਹੁਣੇ ਜਿਹੇ ਦੁਬਈ ਵਿਚ ਗੋਲਡਨ ਵੀਜ਼ਾ ਦਿੱਤਾ ਗਿਆ ਸੀ।
ਕੰਪਨੀ ਅਗਲੇ 3 ਸਾਲਾਂ ਵਿਚ ਨਾਸਡੈਕ ਲਿਸਟਿੰਗ ਦਾ ਟੀਚਾ ਲੈ ਕੇ ਚੱਲ ਰਹੀ ਹੈ। ਗੈਲੇਕਸੀ ਰੇਸਰ ਨੇ ਪਾਕਿਸਤਾਨ ਵਿਚ ਦਾਖਲ ਹੋਣ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਵਰਣਨਯੋਗ ਹੈ ਕਿ ਪੰਜਾਬ ਦੀ ਪਿਛਲੀ ਸਰਕਾਰ ਵਿਚ ਅਰੂਸਾ ਆਲਮ ਦੀ ਕਾਫੀ ਦਖਲਅੰਦਾਜ਼ੀ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।