ਟਰੰਪ ਦਾ ਦਾਅਵਾ ਫ਼ੇਲ, ਅਰਮੀਨੀਆ-ਅਜ਼ਰਬੈਜਾਨ ''ਚ ਮੁੜ ਛਿੜੀ ਜੰਗ, ਰੂਸ ਵੱਲੋਂ ਸੈਨਾ ਤਾਇਨਾਤ
Thursday, Oct 29, 2020 - 06:22 PM (IST)
ਬਾਕੂ/ਯੇਰੇਵਾਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਤਿੰਨ ਦਿਨ ਵੀ ਨਹੀਂ ਟਿਕੇ ਅਤੇ ਅਰਮੀਨੀਆ ਅਤੇ ਅਜ਼ਰਬੈਜਾਨ ਵਿਚ ਦੁਬਾਰਾ ਜੰਗ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਟਰੰਪ ਨੇ ਦਾਅਵਾ ਕੀਤਾ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਜੰਗਬੰਦੀ 'ਤੇ ਸਹਿਮਤੀ ਬਣ ਗਈ ਹੈ। ਬੁੱਧਵਾਰ ਨੂੰ ਅਰਮੀਨੀਆ ਅਤੇ ਅਜ਼ਰਬੈਜਾਨ ਦੋਹਾਂ ਨੇ ਹੀ ਇਕ-ਦੂਜੇ 'ਤੇ ਭਿਆਨਕ ਹਮਲੇ ਕਰਨ ਦਾ ਦੋਸ਼ ਲਗਾਇਆ। ਅਜ਼ਰਬੈਜਾਨ ਦੀ ਸਰਕਾਰ ਨੇ ਕਿਹਾ ਹੈ ਕਿ ਨਾਗੋਰਨੋ-ਕਾਰਾਬਾਖ ਦੇ ਕੋਲ ਅਰਮੀਨੀਆ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ। ਉੱਧਰ ਅਮਰੀਨੀਆ ਨੇ ਦੋਸ਼ ਲਗਾਇਆ ਹੈ ਕਿ ਅਜ਼ਰਬੈਜਾਨ ਦੀ ਸੈਨਾ ਲਗਾਤਾਰ ਰਾਕੇਟ ਹਮਲੇ ਕਰ ਰਹੀ ਹੈ, ਜਿਸ ਨਾਲ ਕਈ ਲੋਕ ਜ਼ਖਮੀ ਹੋਏ ਹਨ।
ਰੂਸ ਦੀ ਗੱਲਬਾਤ ਏਜੰਸੀ ਰੀਆ ਨੋਵੋਸਤੀ ਨੇ ਅਰਮੀਨੀਆ ਦੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰੂਸੀ ਸਰਹੱਦ ਰੱਖਿਅਕ ਨਾਗੋਰਨੋ-ਕਾਰਾਬਾਖ ਵਿਚ ਅਰਮੀਨੀਆ ਦੀ ਸਰਹੱਦ 'ਤੇ ਤਾਇਨਾਤ ਕੀਤੇ ਗਏ ਹਨ। ਅਰਮੀਨੀਆ ਨੇ ਮੰਨਿਆ ਹੈ ਕਿ ਅਜ਼ਰਬੈਜਾਨ ਦੀ ਫੌਜ ਨੇ ਈਰਾਨ ਨਾਲ ਲੱਗਦੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਗੁਬਾਦਲੀ ਕਸਬੇ 'ਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਰੂਸ ਨੇ ਇਸ਼ਾਰਿਆਂ ਵਿਚ ਤੁਰਕੀ, ਇਜ਼ਰਾਈਲ ਸਮੇਤ ਹੋਰ ਵਿਦੇਸ਼ੀ ਤਾਕਤਾਂ ਨੂੰ ਗੰਭੀਰ ਚਿਤਾਵਨੀ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- ਐੱਚ-1ਬੀ ਵੀਜ਼ਾ ਸੰਬੰਧੀ ਟਰੰਪ ਪ੍ਰਸ਼ਾਸਨ ਵੱਲੋਂ ਇਹ ਵਿਵਸਥਾ ਖਤਮ ਕਰਨ ਦਾ ਪ੍ਰਸਤਾਵ
ਰੂਸੀ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਕਿਹਾ ਕਿ ਇਸ ਸੰਕਟ ਦਾ ਡਿਪਲੋਮੈਟਿਕ ਹੱਲ ਸੰਭਵ ਹੈ। ਉਹਨਾਂ ਨੇ ਸਾਰੀਆਂ ਵਿਦੇਸ਼ੀ ਤਾਕਤਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਦੇ ਮਿਲਟਰੀ ਹੱਲ ਨੂੰ ਵਧਾਵਾ ਦੇਣਾ ਬੰਦ ਕਰ ਦੇਣ। ਲਵਰੋਵ ਨੇ ਕਿਹਾ ਕਿ ਇਹ ਕੋਈ ਸੀਕਰਟ ਨਹੀਂ ਹੈ ਕਿ ਅਸੀਂ ਇਸ ਸਮੱਸਿਆ ਦੇ ਮਿਲਟਰੀ ਹੱਲਾਂ ਦੀ ਸੰਭਾਵਨਾ ਦਾ ਸਮਰਥਨ ਨਹੀਂ ਕਰਦੇ ਹਾਂ। ਅਰਮੀਨੀਆ ਨੇ ਕਿਹਾ ਕਿ ਅਜ਼ਰਬੈਜਾਨ ਦੀ ਸੈਨਾ ਨਾਗੋਰਨੋ-ਕਾਰਾਬਾਖ ਦੇ ਨਾਗਰਿਕਾਂ ਦੇ ਇਲਾਕੇ ਵਿਚ ਹਮਲੇ ਕਰ ਰਹੀ ਹੈ।
ਦੋਹਾਂ ਦੇਸ਼ਾਂ ਵੱਲੋਂ ਦਿੱਤਾ ਗਿਆ ਇਹ ਬਿਆਨ
ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ਿਨਯਾਨ ਨੇ ਕਿਹਾ,''ਰੂਸੀ ਬਾਰਡਰ ਗਾਰਡ ਅਰਮੀਨੀਆ ਦੀ ਤੁਰਕੀ ਅਤੇ ਈਰਾਨ ਦੀ ਲੱਗਦੀ ਸਰਹੱਦ 'ਤੇ ਮੌਜੂਦ ਹੈ। ਹੁਣ ਇਸ ਤਾਜ਼ਾ ਘਟਨਾਕ੍ਰਮ ਦੇ ਬਾਅਦ ਰੂਸੀ ਬਾਰਡਰ ਗਾਰਡ ਨੂੰ ਦੇਸ਼ ਦੀ ਦੱਖਣੀ-ਪੂਰਬੀ ਅਤੇ ਦੱਖਣੀ-ਪੱਛਮੀ ਸਰਹੱਦ 'ਤੇ ਤਾਇਨਤ ਕੀਤਾ ਗਿਆ ਹੈ।'' ਬੁੱਧਵਾਰ ਨੂੰ ਹੋਈ ਲੜਾਈ ਅਰਮੀਨੀਆ ਅਤੇ ਅਜ਼ਰਬੈਜਾਨ ਵਿਚ ਟਰੰਪ ਦੇ ਮਨੁੱਖੀ ਜੰਗਬੰਦੀ ਕਰਾਏ ਜਾਣ ਦੇ ਬਾਅਦ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਬਲੈਕਲਿਸਟ 'ਚ ਜਾਣ ਤੋਂ ਬਚੇ ਪਾਕਿ ਦੇ ਜਸ਼ਨ 'ਤੇ ਪਾਕਿ ਕਾਰਕੁੰਨ ਨੇ ਕਿਹਾ- 'ਸ਼ਰਮ ਕਰੋ'
ਅਜ਼ਰਬੈਜਾਨ ਦੇ ਰਾਸ਼ਟਰਪਤੀ ਦੇ ਸਹਾਇਕ ਹਿਕਮੇਟ ਹਜਿਯੇਵ ਨੇ ਕਿਹਾਕਿ ਅਰਮੀਨੀਆਈ ਸੈਨਿਕਾਂ ਨੇ ਬਰਦਾ ਵਿਚ ਸਮਰਚ ਮਿਜ਼ਾਈਲਾਂ ਦਾਗੀਆਂ। ਇਹੀ ਨਹੀਂ ਅਰਮੀਨੀਆ ਦੀ ਸੈਨਾ ਨੇ ਕਲਸਟਰ ਬੰਬਾਂ ਦੀ ਵਰਤੋਂ ਕੀਤੀ, ਜਿਸ ਨਾਲ ਵੱਡੀ ਗਿਣਤੀ ਵਿਚ ਆਮ ਨਾਗਰਿਕ ਮਾਰੇ ਗਏ ਹਨ। ਅਜ਼ਰਬੈਜਾਨ ਨੇ ਕਿਹਾ ਕਿ ਇਸ ਹਮਲੇ ਵਿਚ 21 ਆਮ ਨਾਗਰਿਕ ਮਾਰੇ ਗਏ ਹਨ ਅਤੇ ਘੱਟੋ-ਘੱਟ 70 ਹੋਰ ਜ਼ਖਮੀ ਹੋ ਗਏ ਹਨ। ਉੱਧਰ ਅਰਮੀਨੀਆ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਸੈਨਾ ਕੁਝ ਥਾਵਾਂ 'ਤੇ ਜਾਣਬੁੱਝ ਕੇ ਪਿੱਛੇ ਹਟੀ ਹੈ ਅਤੇ ਇੱਥੇ ਹੁਣ ਅਜ਼ਰਬੈਜਾਨ ਅੱਤਵਾਦੀ ਅੱਡੇ ਬਣਾ ਰਿਹਾ ਹੈ, ਜਿਸ ਵਿਚ ਤੁਰਕੀ ਉਸ ਦੀ ਮਦਦ ਕਰ ਰਿਹਾ ਹੈ।
ਤੁਰਕੀ ਵੀ ਸੈਨਾ ਭੇਜਣ ਲਈ ਤਿਆਰ
ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਰਮੀਨੀਆ ਅਤੇ ਅਜ਼ਰਬੈਜ਼ਾਨ ਦੋਵੇ ਹੀ ਸਾਡੇ ਦੋਸਤ ਦੇਸ਼ ਹਨ। ਅਸੀਂ ਮਿਲਟਰੀ ਹੱਲ ਦੇ ਵਿਚਾਰ ਦਾ ਸਮਰਥਨ ਨਹੀਂ ਕਰਦੇ। ਇਸ ਤੋਂ ਪਹਿਲਾਂ ਮੱਧ ਏਸ਼ੀਆ ਵਿਚ 'ਖਲੀਫਾ' ਬਣਨ ਦੀ ਇੱਛਾ ਰੱਖਣ ਵਾਲੇ ਤੁਰਕੀ ਨੇ ਐਲਾਨ ਕੀਤਾ ਸੀ ਕਿ ਜੇਕਰ ਅਜ਼ਰਬੈਜਾਨ ਵੱਲੋਂ ਅਪੀਲ ਆਈ ਤਾਂ ਉਹ ਆਪਣੀ ਸੈਨਾ ਨੂੰ ਭੇਜਣ ਲਈ ਤਿਆਰ ਹੈ। ਸੁਪਰਪਾਵਰ ਰੂਸ ਦੇ ਗੁਆਂਢੀ ਦੇਸ਼ਾ ਅਰਮੀਨੀਆ ਅਤੇ ਅਜ਼ਰਬੈਜ਼ਾਨ ਦੇ ਵਿਚ ਨਾਗੋਰਨੋ-ਕਾਰਾਬਖ 'ਤੇ ਕਬਜ਼ੇ ਦੇ ਲਈ ਜੰਗ ਚੱਲ ਰਹੀ ਹੈ ਅਤੇ ਜੇਕਰ ਹੁਣ ਤੁਰਕੀ ਇਸ ਵਿਚ ਸ਼ਾਮਲ ਹੁੰਦਾ ਹੈ ਤਾਂ ਤੀਜੇ ਵਿਸ਼ਵ ਯੁੱਧ ਦਾ ਖਤਰਾ ਪੈਦਾ ਹੋ ਜਾਵੇਗਾ।