ਮੇਕਾਂਗ ਖੇਤਰ 'ਚ ਕਿਰਲੀ, ਕਛੂਕੰਮੇ ਸਮੇਤ ਮਿਲੀਆਂ 100 ਨਵੀਆਂ ਪ੍ਰਜਾਤੀਆਂ

Tuesday, Dec 19, 2017 - 02:30 PM (IST)

ਮੇਕਾਂਗ ਖੇਤਰ 'ਚ ਕਿਰਲੀ, ਕਛੂਕੰਮੇ ਸਮੇਤ ਮਿਲੀਆਂ 100 ਨਵੀਆਂ ਪ੍ਰਜਾਤੀਆਂ

ਬੈਂਕਾਕ (ਭਾਸ਼ਾ)— ਵਾਤਾਵਰਣ ਦੇ ਲਿਹਾਜ ਨਾਲ ਵਿਭਿੰਨਤਾ ਨਾਲ ਭਰੇ ਮੇਕਾਂਗ ਖੇਤਰ ਵਿਚ ਬੀਤੇ ਸਾਲ 100 ਤੋਂ ਜ਼ਿਆਦਾ ਪ੍ਰਜਾਤੀਆਂ ਦੀ ਖੋਜ ਕੀਤੀ ਗਈ। ਖੋਜ ਕਰਤਾਵਾਂ ਨੇ ਪਾਇਆ ਕਿ ਸਥਾਨਕ ਬਜ਼ਾਰ ਵਿਚ ਵਿਕਰੀ ਲਈ ਰੱਖੀਆਂ ਗਈਆਂ ਮਗਰਮੱਛ ਜਿਹੀਆਂ ਦਿੱਸਣ ਵਾਲੀਆਂ ਕਿਰਲੀਆਂ ਅਤੇ ਥਾਈ ਕਛੂਕੰਮੇ ਇਨ੍ਹਾਂ ਨਵੀਆਂ ਪ੍ਰਜਾਤੀਆਂ ਵਿਚ ਸ਼ਾਮਲ ਹਨ। ਮੇਕਾਂਗ ਨਦੀ ਦੇ ਆਲੇ-ਦੁਆਲੇ ਸਥਿਤ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਦੁਨੀਆ ਦੇ ਸਭ ਤੋਂ ਜ਼ਿਆਦਾ ਖੁਸ਼ਹਾਲ ਜੀਵ ਵਿਭਿੰਨਤਾ ਵਾਲੇ ਦੇਸ਼ ਹਨ। ਇਨ੍ਹਾਂ ਵਿਚ ਥਾਈਲੈਂਡ, ਮਿਆਂਮਾਰ, ਕੰਬੋਡੀਆ, ਲਾਅੋਸ ਅਤੇ ਵੀਅਤਨਾਮ ਸ਼ਾਮਲ ਹਨ। ਇਸ ਖੇਤਰ ਵਿਚ ਵਿਗਿਆਨੀ ਹਰ ਸਾਲ ਵੱਡੀ ਗਿਣਤੀ ਵਿਚ ਨਵੀਆਂ ਪ੍ਰਜਾਤੀਆਂ ਦੀ ਖੋਜ ਕਰਦੇ ਹਨ। 
ਸੜਕਾਂ ਅਤੇ ਪੁੱਲਾਂ ਦੇ ਵੱਧਦੇ ਹੋਏ ਨਿਰਮਾਣ ਅਤੇ ਗੈਰ-ਕਾਨੂੰਨੀ ਜੰਗਲੀ ਜੀਵ ਵਪਾਰ ਕਾਰਨ ਇਸ ਖੇਤਰ ਦੇ ਜੰਗਲ ਅਤੇ ਨਦੀਆਂ ਦੇ ਜੀਵ- ਜੰਤੂਆਂ 'ਤੇ ਖਤਰਾ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਕਈ ਪ੍ਰਜਾਤੀਆਂ ਦੀ ਖੋਜ ਤੋਂ ਪਹਿਲਾਂ ਹੀ ਲੁਪਤ ਹੋ ਜਾਣ ਦਾ ਖਤਰਾ ਹੈ। ਵਿਸ਼ਵ ਜੰਗਲੀ ਜੀਵ ਫੰਡ (ਡਬਲਊ. ਡਬਲਊ. ਐੱਫ.) ਮੁਤਾਬਕ ਇਕ ਲੰਬੀ ਜਾਂਚ ਪ੍ਰਕਿਰਿਆ ਮਗਰੋਂ ਵਿਗਿਆਨੀਆਂ ਨੇ ਸਾਲ 2016 ਵਿਚ ਕੁੱਲ 115 ਨਵੀਆਂ ਪ੍ਰਜਾਤੀਆਂ ਦੀ ਖੋਜ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿਚ 18 Amphibious (ਪਾਣੀ ਅਤੇ ਜ਼ਮੀਨ 'ਤੇ ਰਹਿਣ ਵਾਲੇ ਜੀਵ) ਦੋ ਮੱਛੀਆਂ, 11 ਰੇਂਗਣ ਵਾਲੇ ਜੀਵ, 88 ਪੌਦੇ ਅਤੇ 3 ਥਣਧਾਰੀ ਜੀਵ ਸ਼ਾਮਲ ਹਨ।


Related News