ਭਾਰਤੀ ਰੱਖਿਆ ਮੰਤਰੀ ਨੇ ਚੀਨੀ ਫੌਜੀਆਂ ਨੂੰ ਦੱਸਿਆ ''ਨਮਸਤੇ'' ਦਾ ਮਤਲਬ(ਵੀਡੀਓ)

10/10/2017 12:38:19 PM

ਬੀਜਿੰਗ (ਬਿਊਰੋ)— ਹਾਲ ਹੀ ਵਿਚ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਚੀਨ ਨਾਲ ਲੱਗਦੇ ਨਾਥੂ-ਲਾ ਖੇਤਰ ਦਾ ਦੌਰਾ ਕੀਤਾ ਸੀ। ਆਪਣੇ ਵਿਚਕਾਰ ਭਾਰਤੀ ਰੱਖਿਆ ਮੰਤਰੀ ਨੂੰ ਦੇਖ ਨਾ ਸਿਰਫ ਭਾਰਤੀ ਫੌਜੀ ਬਲਕਿ ਚੀਨੀ ਫੌਜੀ ਵੀ ਕਾਫੀ ਉਤਸ਼ਾਹਿਤ ਸਨ। ਰੱਖਿਆ ਮੰਤਰੀ ਦੇ ਇਸ ਦੌਰੇ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਨ੍ਹਾਂ ਵੀਡੀਓ ਵਿਚ ਇਕ ਵੀਡੀਓ ਅਜਿਹੀ ਵੀ ਸੀ, ਜਿਸ ਵਿਚ ਰੱਖਿਆ ਮੰਤਰੀ ਨੇ ਚੀਨੀ ਫੌਜੀਆਂ ਦਾ ਸਵਾਗਤ ਕਰਦੇ ਹੋਏ 'ਨਮਸਤੇ' ਕਿਹਾ ਪਰ ਚੀਨੀ ਫੌਜੀ ਇਸ ਦਾ ਮਤਲਬ ਸਮਝ ਨਹੀਂ ਪਾਏ। ਇਸ ਮਗਰੋਂ ਰੱਖਿਆ ਮੰਤਰੀ ਨੇ ਇਸ ਦਾ ਮਤਲਬ ਸਮਝਾਉਂਦੇ ਹੋਏ ਉਨ੍ਹਾਂ ਨੂੰ ਭਾਰਤੀ ਪਰੰਪਰਾ ਤੋਂ ਜਾਣੂ ਕਰਵਾਇਆ ਸੀ।

ਰੱਖਿਆ ਮੰਤਰੀ ਦੇ ਇਸ ਦੌਰੇ ਅਤੇ ਉਨ੍ਹਾਂ ਦੀ 'ਨਮਸਤੇ ਡਿਪਲੋਮੈਸੀ' ਦੀ ਚੀਨੀ ਮੀਡੀਆ ਵਿਚ ਖੂਬ ਚਰਚਾ ਹੈ। ਚੀਨ ਦੇ ਸਰਕਾਰੀ ਨਿਊਜ਼ ਚੈਨਲ ਨੇ ਇਸ ਵੀਡੀਓ ਬਾਰੇ ਲਿਖਿਆ ਕਿ ਭਾਰਤੀ ਰੱਖਿਆ ਮੰਤਰੀ ਨੇ ਚੀਨੀ ਫੌਜੀਆਂ ਦਾ ਬਾਰਡਰ 'ਤੇ ਇਸ ਤਰ੍ਹਾਂ ਸਵਾਗਤ ਕੀਤਾ। ਉੱਥੇ ਚੀਨ ਦੇ ਇਕ ਹੋਰ ਅਖਬਾਰ ਨੇ ਰੱਖਿਆ ਮੰਤਰੀ ਦੇ ਇਸ ਦੌਰੇ ਨੂੰ 'ਮੈਤਰੀ ਪੁੱਲ' ਦੱਸਿਆ । ਰੱਖਿਆ ਮੰਤਰੀ ਦਾ ਨਾਥੁਲਾ ਖੇਤਰ ਦਾ ਦੌਰਾ ਹਰ ਤਰ੍ਹਾਂ ਨਾਲ ਮਹੱਤਵਪੂਰਣ ਹੈ। ਕਾਫੀ ਸਮੇਂ ਤੋਂ ਡੋਕਲਾਮ ਮੁੱਦੇ 'ਤੇ ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਹੈ। ਅਜਿਹੇ ਸਮੇਂ 'ਤੇ ਨਿਰਮਲਾ ਸੀਤਾਰਮਨ ਦੇ ਦੌਰੇ ਦੀ ਦੋਹਾਂ ਦੇਸ਼ਾਂ ਦੇ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ।
ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਚੁਨਯਿੰਗ ਨੇ ਕਿਹਾ ਕਿ ਚੀਨ-ਭਾਰਤੀ ਸਰਹੱਦੀ ਇਲਾਕਿਆਂ ਵਿਚ ਸਾਂਝੇ ਤੌਰ 'ਤੇ ਸ਼ਾਂਤੀ ਬਣਾਈ ਰੱਖਣ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ,''ਸਿਕੱਮ ਸੈਕਟਰ ਵਿਚ ਭਾਰਤ-ਚੀਨ ਸਰਹੱਦ ਸਾਲ 1890 ਦੀ ਇਤਿਹਾਸਿਕ ਸੰਧੀ ਨਾਲ ਨਿਰਧਾਰਿਤ ਹੋਈ ਹੈ ਅਤੇ ਨਾਥੂ-ਲਾ ਇਸ ਸੰਧੀ ਦਾ ਵਧੀਆ ਸਬੂਤ ਹੈ। ਚੀਨ ਇਤਿਹਾਸਿਕ ਸੰਧੀਆਂ ਅਤੇ ਸਮਝੌਤਿਆਂ ਦੇ ਆਧਾਰ 'ਤੇ ਸੰਯੁਕਤ ਰੂਪ ਨਾਲ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਦਾ ਚਾਹਵਾਨ ਹੈ।''


Related News