ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਤੇ ਕਥਿਤ ਖਾਲਿਸਤਾਨੀ ਸਮਰਥਕ ਹਰਜੀਤ ਸੱਜਣ ਦੇ ਹੁਕਮਾਂ ’ਤੇ ਵਿਵਾਦ

06/29/2024 10:17:03 AM

ਜਲੰਧਰ (ਇੰਟ.) - ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸੱਜਣ ਦੇ 2021 ਦੇ ਉਨ੍ਹਾਂ ਹੁਕਮਾਂ ’ਤੇ ਹੰਗਾਮਾ ਹੋ ਗਿਆ ਹੈ, ਜਿਸ ’ਚ ਉਨ੍ਹਾਂ ਨੇ ਕੈਨੇਡਾਈ ਹਥਿਆਰਬੰਦ ਫੌਜਾਂ ਨੂੰ 225 ਅਫਗਾਨ ਸਿੱਖਾਂ ਨੂੰ ਪਹਿਲ ਦੇ ਅਧਾਰ ’ਤੇ ਬਚਾਉਣ ਦਾ ਹੁਕਮ ਦਿੱਤਾ ਸੀ। ਇਹੀ ਨਹੀਂ, ਹੁਣ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ’ਤੇ ਖਾਲਿਸਤਾਨੀ ਸਮਰਥਕ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ ਪਰ ਉਹ ਇਸ ਗੱਲ ਤੋਂ ਇਨਕਾਰ ਕਰਦੇ ਆਏ ਸਨ।

ਕੈਨੇਡਾਈ ਅਖਬਾਰ ਦਿ ਗਲੋਬ ਐਂਡ ਮੇਲ ਦੀ ਇਕ ਹਾਲੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੈਨੇਡਾਈ ਨਾਗਰਿਕਾਂ ਅਤੇ ਕੈਨੇਡਾ ਨਾਲ ਜੁੜੇ ਅਫਗਾਨਾਂ ਨੂੰ ਅਲਾਟ ਕੀਤੇ ਸਰੋਤਾਂ ਦਾ ਇਸਤੇਮਾਲ ਅਫਗਾਨ ਸਿੱਖਾਂ ਦੀ ਮਦਦ ਲਈ ਕੀਤਾ ਗਿਆ, ਹਾਲਾਂਕਿ ਸੱਜਣ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ।

ਸੱਜਣ ਨੇ ਸਫਾਈ ’ਚ ਕੀ ਕਿਹਾ

ਸੱਜਣ ਨੇ ਕਿਹਾ ਕਿ ਉਨ੍ਹਾਂ ਨੇ ਸੀ. ਏ. ਐੱਫ. ਨਾਲ ਸਿਰਫ ਇਕ ਕੈਨੇਡਾਈ ਸਿੱਖ ਸਮੂਹ ਵੱਲੋਂ ਦਿੱਤੀ ਗਈ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਨੇ ਕੈਨੇਡਾ ਸਰਕਾਰ ਤੋਂ ਅਫਗਾਨ ਸਿੱਖਾਂ ਨੂੰ ਬਚਾਉਣ ਦੀ ਬੇਨਤੀ ਕੀਤੀ ਸੀ। ਉਸ ਸਮੇਂ ਵੱਖ-ਵੱਖ ਸਮੂਹਾਂ ਨੇ ਕੈਨੇਡਾ ਸਰਕਾਰ ਕੋਲੋਂ ਮਦਦ ਮੰਗੀ ਸੀ। ਕਾਬੁਲ ’ਤੇ ਤਾਲਿਬਾਨੀ ਕਬਜ਼ੇ ਦੇ ਤੁਰੰਤ ਬਾਅਦ ਉੱਥੇ ਕੈਨੇਡਾਈ ਫੌਜ ਉਤਰੀ ਸੀ ਅਤੇ ਉਸ ਨੇ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਸੀ।

ਕੈਨੇਡਾਈ ਫੌਜ ਦੇ 3 ਅਧਿਕਾਰੀਆਂ ਨੇ ਗਲੋਬ ਐਂਡ ਮੇਲ ਦੀ ਰਿਪੋਰਟ ’ਚ ਸੱਜਣ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ ਕੀਤਾ ਹੈ। ਉਸ ਦੌਰਾਨ ਅਫਗਾਨਿਸਤਾਨ ’ਚ ਫਸੇ ਸਿੱਖਾਂ ਨੂੰ ਕੈਨੇਡਾਈ ਜਾਂ ਕੈਨੇਡਾ ਨਾਲ ਜੁੜੇ ਲੋਕਾਂ ਤੋਂ ਜ਼ਿਆਦਾ ਪਹਿਲ ਦਿੱਤੀ ਸੀ। ਇਸ ਘਟਨਾ ਦੇ ਖੁਲਾਸੇ ਤੋਂ ਬਾਅਦ ਕੈਨੇਡਾ ’ਚ ਸੋਸ਼ਲ ਮੀਡੀਆ ’ਤੇ ਬੁੱਧੀਜੀਵੀਆਂ ’ਚ ਇਕ ਬਹਿਮ ਛਿੜ ਗਈ ਹੈ।

ਪੰਜਾਬ ਪੁਲਸ ’ਚ ਹਵਲਦਾਰ ਸਨ ਹਰਜੀਤ ਸਿੰਘ ਸੱਜਣ ਦੇ ਪਿਤਾ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ’ਚ ਜਨਮੇ ਹਰਜੀਤ ਸਿੰਘ ਸੱਜਣ ਦੇ ਪਿਤਾ ਕੰੁਦਨ ਸਿੰਘ ਸੱਜਣ ਪੰਜਾਬ ਪੁਲਸ ’ਚ ਹਵਲਦਾਰ ਸਨ। ਸਾਲ 1976 ’ਚ ਉਨ੍ਹਾਂ ਦਾ ਪਰਿਵਾਰ ‘ਬ੍ਰਿਟਿਸ਼ ਕੋਲੰਬੀਆ’ ਚਲਾ ਗਿਆ ਸੀ। ਉਸ ਸਮੇਂ ਹਰਜੀਤ ਸਿੰਘ ਸਿਰਫ 5 ਸਾਲ ਦੇ ਸਨ।

ਇਕ ਰਿਪੋਰਟ ਮੁਤਾਬਕ ਕੈਨੇਡਾ ਪ੍ਰਵਾਸ ਦੇ ਸ਼ੁਰੂਆਤੀ ਦੌਰ ’ਚ ਸੱਜਣ ਦੇ ਪਰਿਵਾਰ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਦੱਖਣੀ ਵੈਨਕੂਵਰ ਤੋਂ ਸਾਲ 1989 ’ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰਜੀਤ ‘ਦਿ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ’ ਵਿਚ ਭਰਤੀ ਹੋ ਗਏ। ਉੱਥੇ ਹੀ ਕੁੰਦਨ ਿਸੰਘ ਸੱਜਣ ਇਕ ਆਰਾ ਮਿਲ ’ਚ ਕੰਮ ਕਰਨ ਲੱਗੇ ਅਤੇ ਮਾਂ ਨੇੜਲੇ ਖੇਤਾਂ ’ਚ ਮਜ਼ਦੂਰੀ ਕਰਦੀ ਸੀ। ਸਾਲ 1991 ’ਚ ਫੌਜ ’ਚ ਕਮਿਸ਼ਨ ਅਫਸਰ ਬਣਨ ਤੋਂ ਬਾਅਦ ਉਹ ਲੈਫਟੀਨੈਂਟ ਕਰਨਲ ਦੇ ਅਹੁਦੇ ਤੱਕ ਪਹੁੰਚੇ। ਉਹ ਪਹਿਲੇ ਸਿੱਖ ਸਨ, ਜਿਨ੍ਹਾਂ ਦੇ ਹੱਥਾਂ ’ਚ ਕੈਨੇਡਾ ਦੀ ਫੌਜ ਦੀ ਕਿਸੇ ਰੈਜੀਮੈਂਟ ਦੀ ਕਮਾਨ ਸੋਂਪੀ ਗਈ ਸੀ।

ਸਿਆਸੀ ਜੀਵਨ ਅਤੇ ਖਾਲਿਸਤਾਨੀ ਕੁਨੈਕਸ਼ਨ

ਸਾਲ 2014 ’ਚ ਉਨ੍ਹਾਂ ਨੇ ਆਪਣੇ ਜੀਵਨ ਦੀ ਨਵੀਂ ਪਾਰੀ ਉਦੋਂ ਸ਼ੁਰੂ ਕੀਤੀ, ਜਦੋਂ ਉਨ੍ਹਾਂ ਨੇ ਲਿਬਰਲ ਪਾਰਟੀ ਤੋਂ ਆਮ ਚੋਣ ਲੜੀ। ਉਹ ਦੱਖਣੀ ਵੈਨਕੂਵਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਬਣਾਏ ਗਏ। ਉਨ੍ਹਾਂ ਨੇ ‘ਕੰਜਰਵੇਟਿਵ ਪਾਰਟੀ’ ਦੇ ਵਾਯ ਯਾਂਗ ਨੂੰ 5 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ। ਲੇਕਿਨ ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ’ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ। ਇਸ ਸੰਗਠਨ ਦੇ ਕਈ ਮੈਂਬਰ ਖਾਲਿਸਤਾਨ ਦੇ ਸਮਰਥਕ ਮੰਨੇ ਜਾਂਦੇ ਹਨ।

ਦੱਸਣਯੋਗ ਹੈ ਿਕ ਸੱਜਣ ਉਦੋਂ ਸੁਰਖੀਆਂ ’ਚ ਆਏ ਜਦੋਂ ਉਨ੍ਹਾਂ ਨੇ 2017 ’ਚ ਭਾਰਤ ਦਾ ਦੌਰਾ ਕੀਤਾ, ਉਦੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਣਦੇਖਾ ਕਰ ਦਿੱਤਾ ਸੀ। ਉਨ੍ਹਾਂ ਨੂੰ ਖਾਲਿਸਤਾਨੀ ਸਮਰਥਕ ਤੱਕ ਕਹਿ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਦਾ ਖੰਡਨ ਕੀਤਾ ਸੀ।


Harinder Kaur

Content Editor

Related News