ਇਟਲੀ 'ਚ ਇੱਕ ਹੋਰ ਪੰਜਾਬੀ ਨੇ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਚਮਕਾਇਆ ਨਾਮ (ਤਸਵੀਰਾਂ)
Sunday, Apr 10, 2022 - 02:15 PM (IST)

ਰੋਮ (ਕੈਂਥ): ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਹਲਵਾ ਤੋਂ ਇਟਲੀ ਆ ਕੇ ਵਸੇ ਡਾ: ਸਤਵਿੰਦਰ ਸਿੰਘ ਅਤੇ ਮਾਤਾ ਕਮਲਜੀਤ ਕੌਰ ਦੇ ਲਾਡਲੇ ਬੇਟੇ ਮਨਿੰਦਰਪਾਲ ਸਿੰਘ ਨੇ ਇਟਲੀ ਦੇ ਸ਼ਹਿਰ ਪੈਰੂਜਾ ਵਿਖੇ ਕਰਵਾਏ ਗਏ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਟਲੀ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਟਲੀ ਦੀ ਆਈ.ਸੀ.ਐਨ. ਵੱਲੋਂ ਕਰਵਾਏ ਜਾਂਦੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਇਟਲੀ ਭਰ ਤੋਂ ਵੱਖ ਵੱਖ ਤਰ੍ਹਾਂ ਦੀਆਂ ਕੈਟਾਗਰੀਆਂ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ ਅਤੇ ਇਸ ਪ੍ਰਤੀਯੋਗਤਾ ਵਿੱਚ ਮਨਿੰਦਰਪਾਲ ਸਿੰਘ ਵੱਲੋਂ ਪਹਿਲੀ ਵਾਰ ਹੀ ਦੂਜਾ ਨੰਬਰ ਹਾਸਲ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਦੀ ਚਿਤਾਵਨੀ, ਰੂਸੀ ਹਮਲੇ ਸਿਰਫ ਯੂਕ੍ਰੇਨ ਤੱਕ ਸੀਮਤ ਨਹੀਂ ਰਹਿਣਗੇ
ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮੁਕਾਮ 'ਤੇ ਪਹੁੰਚਣ ਲਈ ਉਹ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਬਾਡੀ ਬਿਲਡਿੰਗ ਦੇ ਗੁਰ ਸਿਖਾਉਣ ਵਾਲੇ ਗੁਰੂ ਦਾ ਬਹੁਤ ਧੰਨਵਾਦੀ ਹੈ, ਜਿਨ੍ਹਾਂ ਦੀ ਸਿੱਖਿਆ ਕਰਕੇ ਅੱਜ ਮੈਂ ਇਨ੍ਹਾਂ ਮੁਕਾਬਲਿਆਂ ਵਿੱਚ ਮੋਹਰੀ ਰਿਹਾ ਹਾਂ।ਮਨਿੰਦਰ ਪਾਲ ਸਿੰਘ ਬ੍ਰੇਸ਼ੀਆ ਦੇ ਸ਼ਹਿਰ ਲੋਨਾਤੋ ਦੇਲ ਗਾਰਦਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਉਸ ਦੀ ਇਸ ਜਿੱਤ 'ਤੇ ਇਟਲੀ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।