ਪਾਕਿ ਦੇ ਸਿੰਧ ''ਚ ਇਕ ਹੋਰ ਨਾਬਾਲਗ ਹਿੰਦੂ ਲੜਕੀ ਅਗਵਾ

03/26/2019 11:10:45 PM

ਕਰਾਚੀ (ਭਾਸ਼ਾ)- ਦੋ ਨਾਬਾਲਗ ਹਿੰਦੂ ਕੁੜੀਆਂ ਦੇ ਕਥਿਤ ਅਗਵਾ, ਜਬਰਨ ਧਰਮ ਬਦਲਣ ਅਤੇ ਵਿਆਹ 'ਤੇ ਹੋਏ ਹੰਗਾਮੇ ਵਿਚਾਲੇ, ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਹੋਰ ਨਾਬਾਲਗ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਧ ਸੂਚਨਾ ਵਿਭਾਗ ਵਲੋਂ ਜਾਰੀ ਨੋਟਿਸ ਮੁਤਾਬਕ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਹਰੀਰਾਮ ਕਿਸ਼ੋਰੀ ਲਾਲ ਨੇ 16 ਸਾਲ ਦੀ ਹਿੰਦੂ ਲੜਕੀ ਦੇ ਅਗਵਾ ਦੇ ਸਬੰਧ ਵਿਚ ਸੋਸ਼ਲ ਮੀਡੀਆ 'ਤੇ ਚੱਲ ਰਹੀ ਇਕ ਨਿਊਜ਼ 'ਤੇ ਨੋਟਿਸ ਲਿਆ। ਕਿਹਾ ਜਾ ਰਿਹਾ ਹੈ ਕਿ ਮੇਘਵਾਰ ਭਾਈਚਾਰੇ ਦੀ ਇਹ ਲੜਕੀ ਬਾਦਿਨ ਜ਼ਿਲੇ ਦੇ ਤਾਂਦੋ ਬਾਘੋ ਦੀ ਰਹਿਣ ਵਾਲੀ ਹੈ। ਪੀੜਤਾ ਦੇ ਪਿਤਾ ਨੇ ਸ਼ੱਕੀਆਂ ਖਿਲਾਫ ਮਾਮਲਾ ਦਰਜ ਕਰਵਾਉਣ ਲਈ ਬਾਦਿਨ ਦੇ ਸੀਨੀਅਰ ਪੁਲਸ ਅਧਿਕਾਰੀ (ਐਸ.ਐਸ.ਪੀ.) ਸਰਦਾਰ ਹਸਨ ਨਿਆਜੀ ਨੂੰ ਅਪੀਲ ਕੀਤੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਲੜਕੀ ਨੂੰ ਅਗਵਾ ਕਦੋਂ ਕੀਤਾ ਗਿਆ। ਕਿਸ਼ੋਰੀ ਲਾਲ ਨੇ ਅਧਿਕਾਰੀਆਂ ਨੂੰ ਅਗਵਾ ਦੇ ਸਬੰਧ ਵਿਚ ਐਫ.ਆਈ.ਆਰ. ਦਰਜ ਕਰਨ ਅਤੇ ਲੜਕੀ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦਾ ਨਿਰਦੇਸ਼ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਿੰਧ ਵਿਚ ਬਾਲ ਵਿਆਹ ਮਨਾਹੀ ਕਾਨੂੰਨ ਦੇ ਤਹਿਤ ਨਾਬਾਲਗ ਲੜਕੀਆਂ ਦੇ ਵਿਆਹ 'ਤੇ ਪਾਬੰਦੀ ਹੈ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰਨਾ ਅਪਰਾਧਕ ਕੰਮ ਹੈ। ਲਾਲ ਨੇ ਕਿਹਾ ਕਿ ਕਾਨੂੰਨ ਦਾ ਸਿੰਧ ਵਿਚ ਸਖ਼ਤੀ ਨਾਲ ਪਾਲਨ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਬਾਲਗ ਹਿੰਦੂ ਲੜਕੀਆਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿੰਧ ਸਰਕਾਰ ਘੱਟ ਗਿਣਤੀ ਸੁਰੱਖਿਆ ਕਮਿਸ਼ਨ ਬਣਾਉਣ ਦੀ ਤਿਆਰੀ ਵਿਚ ਹੈ ਅਤੇ ਇਸ ਦੇ ਮਸੌਦੇ ਨੂੰ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਮਨਜ਼ੂਰੀ ਦਿੱਤੀ ਹੈ। ਅਗਵਾ ਦਾ ਇਹ ਤਾਜ਼ਾ ਮਾਮਲਾ ਅਜਿਹੇ ਸਮੇਂ ਆਇਆ, ਜਦੋਂ ਸਿੰਧ ਦੇ ਘੋਟਕੀ ਜ਼ਿਲੇ ਵਿਚ ਦੋ ਨਾਬਾਲਗ ਹਿੰਦੂ ਲੜਕੀਆਂ ਦੇ ਅਗਵਾ, ਜਬਰਨ ਧਰਮ ਬਦਲਣ ਅਤੇ ਵਿਆਹ ਨੂੰ ਲੈ ਕੇ ਪੂਰੇ ਦੇਸ਼ ਵਿਚ ਗੁੱਸੇ ਦਾ ਮਾਹੌਲ ਹੈ। ਦੋ ਕੁੜੀਆਂ ਰਵੀਨਾ (13) ਅਤੇ ਰੀਨਾ (15) ਦਾ ਹੋਲੀ ਦੇ ਦਿਨ ਸ਼ਾਮ ਨੂੰ ਪ੍ਰਭਾਵਸ਼ਾਲੀ ਲੋਕਾਂ ਦੇ ਸਮੂਹ ਨੇ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ। ਅਗਵਾ ਤੋਂ ਬਾਅਦ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਕਾਜ਼ੀ ਨੂੰ ਦੋ ਕੁੜੀਆਂ ਦਾ ਨਿਕਾਹ ਕਰਵਾਉਂਦੇ ਹੋਏ ਦਿਖਾਇਆ ਗਿਆ ਸੀ। ਇਸ ਘਟਨਾ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਵਿਚਾਲੇ ਸ਼ਬਦੀ ਜੰਗ ਵੀ ਹੋਈ ਸੀ। ਸੁਸ਼ਮਾ ਨੇ ਐਤਵਾਰ ਨੂੰ ਇਸ ਮਾਮਲੇ ਵਿਚ ਪਾਕਿਸਤਾਨ ਸਥਿਤ ਭਾਰਤੀ ਡਿਪਲੋਮੈਟ ਕੋਲੋਂ ਜਾਣਕਾਰੀ ਮੰਗੀ ਸੀ।


Sunny Mehra

Content Editor

Related News