ਸਕਾਟਲੈਂਡ "ਚ ਮਿਲਿਆ 1000 ਸਾਲ ਪੁਰਾਣਾ ਐਂਗਲੋ-ਸੈਕਸਨ ਕ੍ਰਾਸ

12/14/2020 4:29:13 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦਾ ਇਤਿਹਾਸ ਬਹੁਤ ਪੁਰਾਤਨ ਅਤੇ ਅਮੀਰ ਹੈ। ਇੱਥੋਂ ਦੇ ਇਤਿਹਾਸ ਨਾਲ ਸੰਬੰਧਿਤ ਬੇਸ਼ਕੀਮਤੀ ਚੀਜ਼ਾਂ ਦੇ ਸੰਗ੍ਰਹਿ ਸਰਕਾਰ ਵੱਲੋਂ ਸੰਭਾਲ ਕੇ ਰੱਖੇ ਹੋਏ ਹਨ। ਅਜਿਹੀਆਂ ਹੀ ਪੁਰਾਤਨ ਵਸਤਾਂ ਦੀ ਲੜੀ ਵਿਚ ਲਗਭਗ 1000 ਸਾਲ ਪੁਰਣਾ ਇਕ ਸ਼ਾਨਦਾਰ ਐਂਗਲੋ-ਸੈਕਸਨ ਕਰਾਸ ਸ਼ਾਮਿਲ ਹੋਇਆ ਹੈ। 

ਇਸ ਨੂੰ 1000 ਸਾਲਾਂ ਲਈ ਸਕਾਟਲੈਂਡ ਦੇ ਮੈਦਾਨਾਂ ਵਿਚ ਦੱਬੇ ਰਹਿਣ ਤੋਂ ਬਾਅਦ ਦੁਬਾਰਾ ਸਥਾਪਿਤ ਕੀਤਾ ਗਿਆ ਹੈ। ਇਹ ਕਰਾਸ ਸਭ ਤੋਂ ਪਹਿਲਾਂ 2014 ਵਿੱਚ ਸਕਾਟਲੈਂਡ ਦੇ ਪੱਛਮ ਵਿਚ ਇਕ ਮੈਦਾਨ ਵਿੱਚ ਗੈਲੋਵੇ ਹੋਅਰਡ ਜੋ ਕਿ ਬ੍ਰਿਟੇਨ ਵਿਚ ਹੁਣ ਤੱਕ ਦੀਆਂ ਪੁਰਾਣੀਆਂ ਚੀਜ਼ਾਂ ਦਾ ਸਭ ਤੋਂ ਅਮੀਰ ਸੰਗ੍ਰਹਿ ਹੈ, ਦੇ ਹਿੱਸੇ ਵਜੋਂ ਮਿਲਿਆ ਸੀ। ਮਾਹਰਾਂ ਅਨੁਸਾਰ ਕਈ ਧਾਤੂਆਂ ਨਾਲ ਬਣਿਆ ਇਹ ਕਰਾਸ ਕਿਸੇ ਉੱਚ ਪੱਧਰੀ ਹਸਤੀ ਜਾਂ ਰਾਜਾ ਦੁਆਰਾ ਚਲਾਇਆ ਗਿਆ ਸੀ। ਸਕਾਟਲੈਂਡ 'ਚ 2014 ਵਿੱਚ ਲੱਭੇ ਗਏ ਇੱਕ ਘੜੇ ਵਿਚ ਇਨ੍ਹਾਂ ਪੁਰਾਤਨ ਵਸਤਾਂ ਦਾ ਸੰਗ੍ਰਹਿ ਮਿਲਿਆ ਸੀ, ਜਿਸ ਵਿਚ ਵਾਈਕਿੰਗ ਯੁੱਗ ਦੀਆਂ 100 ਤੋਂ ਵੱਧ ਬਾਂਹ ਦੇ ਰਿੰਗ, ਚਾਂਦੀ ਦੇ ਬਰੇਸਲੈੱਟ, ਬ੍ਰੋਚਸ, ਇਕ ਸੋਨੇ ਦੀ ਮੁੰਦਰੀ, ਐਨਮੇਲਡ ਕ੍ਰਿਸ਼ਚੀਅਨ ਕਰਾਸ ਅਤੇ ਪੰਛੀ ਦੇ ਆਕਾਰ ਦਾ ਸੋਨੇ ਦਾ ਪਿਨ ਦੇ ਇਲਾਵਾ ਇਸਤਾਂਬੁਲ ਦਾ ਸਿਲਕ, ਸਿਲਵਰ ਅਤੇ ਕ੍ਰਿਸਟਲ ਵੀ ਸ਼ਾਮਲ ਸਨ।

ਇਨ੍ਹਾਂ ਨੂੰ 10ਵੀਂ ਸਦੀ ਦੇ ਸ਼ੁਰੂ ਵਿਚ ਦਫ਼ਨਾਇਆ ਗਿਆ ਸੀ ਅਤੇ ਇਨ੍ਹਾਂ ਵਿਚੋਂ ਕੁੱਝ ਵਸਤਾਂ ਨੂੰ ਨੈਸ਼ਨਲ ਅਜਾਇਬ ਘਰ ਸਕਾਟਲੈਂਡ ਨੇ 2017 ਵਿਚ ਵੇਚ ਦਿੱਤਾ ਸੀ। ਮਾਹਿਰਾਂ ਅਨੁਸਾਰ ਕਰਾਸ ਦੀ ਉੱਕਰੀ ਹੋਈ ਸਜਾਵਟ ਬਹੁਤ ਹੀ ਅਸਾਧਾਰਣ ਹੈ ਅਤੇ ਚਾਰ ਸਮੂਹਾਂ ਦੇ ਨੁਮਾਇੰਦਿਆਂ ਮੈਥਿਊ, ਮਾਰਕ, ਲੂਕਾ ਅਤੇ ਜੋਹਨ ਨਾਲ ਸੰਬੰਧਤ ਹੋ ਸਕਦੀ ਹੈ।


Lalita Mam

Content Editor

Related News