ਭਾਰਤੀਆਂ ਬਾਰੇ ਕੀਤੇ ਇਤਰਾਜ਼ਯੋਗ ਟਵੀਟ, ਸਿੰਗਾਪੁਰ ਦੀ ਸਾਫਟਵੇਅਰ ਕੰਪਨੀ ਦੇ ਅਧਿਕਾਰੀ ਨੂੰ ਹੋਈ ਜੇਲ੍ਹ

Tuesday, Jun 08, 2021 - 03:07 PM (IST)

ਇੰਟਰਨੈਸ਼ਨਲ ਡੈਸਕ : ਸਿੰਗਾਪੁਰ ਦੀ ਇਕ ਸਾਫਟਵੇਅਰ ਕੰਪਨੀ ਦੇ ਸੀਨੀਅਰ ਅਧਿਕਾਰੀ ਨੂੰ ਮੰਗਲਵਾਰ ਤਿੰਨ ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਅਧਿਕਾਰੀ ਨੇ ਪਿਛਲੇ ਸਾਲ ਅਪ੍ਰੈਲ ’ਚ ਨਸਲਵਾਦੀ ਟਵੀਟ ਕੀਤੇ ਸਨ, ਜਿਸ ’ਚ ਉਸ ਨੇ ਕੋਰੋਨਾ ਦੇ ਸਬੰਧ ਵਿਚ ਭਾਰਤੀਆਂ ਤੇ ਭਾਰਤੀ ਪ੍ਰਵਾਸੀਆਂ ਦੀ ਨਿੰਦਾ ਕੀਤੀ ਸੀ। ਇਕ ਮੀਡੀਆ ਰਿਪੋਰਟ ’ਚ ਇਹ ਕਿਹਾ ਗਿਆ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਦੇ ਅਨੁਸਾਰ, ਜੈਨਲ ਅਬੀਦੀਨ ਸ਼ੈਫੁਲ ਬਹਾਰੀ ਨੇ ਦੋ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ, ਜਿਨ੍ਹਾਂ ’ਚ ਸਿੰਗਾਪੁਰ ’ਚ ਵੱਖ-ਵੱਖ ਨਸਲੀ ਸਮੂਹਾਂ ਦਰਮਿਆਨ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ਾਮਲ ਹੈ। ਸਜ਼ਾ ਸੁਣਾਉਂਦੇ ਸਮੇਂ ਦੋ ਹੋਰ  ਦੋਸ਼ਾਂ ਨੂੰ ਵੀ ਵਿਚਾਰਿਆ ਗਿਆ।

ਅਪ੍ਰੈਲ 2020 ਵਿਚ ਪੁਲਸ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਇਕ ਵਿਅਕਤੀ ਨੇ ਟਵੀਟ ਕਰ ਕੇ ਕੋਵਿਡ-19 ਦੇ ਸਬੰਧ ਵਿਚ ਭਾਰਤੀ ਪ੍ਰਵਾਸੀਆਂ ਦੀ ਆਲੋਚਨਾ ਕੀਤੀ ਸੀ। ਇਹ ਟਵਿੱਟਰ ਅਕਾਊਂਟ ਜ਼ੈਨਲ ਦਾ ਸੀ। ਜ਼ੈਨਲ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦਾ ਮੁਵੱਕਿਲ ਕੋਈ ‘ਨਸਲਵਾਦੀ’ ਨਹੀਂ ਸੀ ਅਤੇ ਉਹ ਮਜ਼ਾਕ ਉਡਾਉਂਦੇ ਹੋਏ ਹੱਦ ਪਾਰ ਕਰ ਗਿਆ ਸੀ। ਜ਼ੈਨਲ ਨੇ ਮਾਰਚ ਤੇ ਅਪ੍ਰੈਲ 2020 ਵਿਚਾਲੇ ਇਤਰਾਜ਼ਯੋਗ ਟਵੀਟ ਕੀਤੇ ਸਨ। ਜ਼ਿਲ੍ਹਾ ਜੱਜ ਐੱਸ. ਜੈਨੀਫਰ ਮੈਰੀ ਨੇ ਕਿਹਾ ਕਿ ਨਸਲ ਅਤੇ ਧਰਮ ਸੰਵੇਦਨਸ਼ੀਲ ਮੁੱਦੇ ਹਨ ਅਤੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਲਾਪ੍ਰਵਾਹੀ ਵਾਲੀਆਂ ਟਿੱਪਣੀਆਂ ਸਮਾਜਿਕ ਵਿਵਸਥਾ ’ਚ ਵਿਘਨ ਪਾ ਸਕਦੀਆਂ ਹਨ।

ਉਨ੍ਹਾਂ ਕਿਹਾ, “ਅਤੇ ਜਦੋਂ ਅਜਿਹੀਆਂ ਟਿੱਪਣੀਆਂ ਇੰਟਰਨੈੱਟ ਰਾਹੀਂ ਕੀਤੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦੀ ਬਹੁਤ ਜ਼ਿਆਦਾ ਪਹੁੰਚ ਹੁੰਦੀ ਹੈ ਅਤੇ ਇਸ ਨਾਲ ਸ਼ਾਂਤੀ ਅਤੇ ਨਸਲੀ ਸਦਭਾਵਨਾ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ।” ਉਨ੍ਹਾਂ ਕਿਹਾ ਕਿ ਮੌਜੂਦਾ ਵਿਸ਼ਵਵਿਆਪੀ ਮਹਾਮਾਰੀ ਕਾਰਨ ਨਸਲੀ ਤਣਾਅ ਪਹਿਲਾਂ ਹੀ ਵਧਿਆ ਹੈ ਅਤੇ ਇਕ ਮਜ਼ਬੂਤ ​​ਸੰਦੇਸ਼ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜ਼ੈਨਲ ਨੂੰ ਕਿਹਾ ਕਿ ਟਵੀਟ ’ਚ ਵਰਤੀ ਗਈ ਭਾਸ਼ਾ ਬਹੁਤ ਮਾੜੀ ਸੀ।


Manoj

Content Editor

Related News