ਛੁੱਟੀਆਂ ਮਨਾਉਣ ਆਈ ਭਾਰਤੀ ਮਹਿਲਾ ਟੋਏ ’ਚ ਡਿੱਗੀ

Saturday, Aug 24, 2024 - 11:35 AM (IST)

ਕੁਆਲਾਲੰਪੁਰ- ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ’ਚ ਇਕ ਭਾਰਤੀ ਮਹਿਲਾ ਸ਼ੁੱਕਰਵਾਰ ਨੂੰ ਅਚਾਨਕ ਜ਼ਮੀਨ ਦਾ ਹਿੱਸਾ ਢਹਿ ਜਾਣ  ਕਾਰਨ ਬਣੇ ਟੋਏ ’ਚ ਡਿੱਗ ਗਈ। ਪੁਲਸ ਨੇ ਦੱਸਿਆ ਕਿ ਜ਼ਮੀਨ ਦੇ ਹੇਠਾਂ ਵਹਿ ਰਹੇ ਪਾਣੀ ’ਚ ਮਹਿਲਾ ਦੇ ਗੁੰਮ ਹੋ ਜਾਣ ਦੀ ਸੰਭਾਵਨਾ ਹੈ। ਸਥਾਨਕ ਪੁਲਸ ਮੁਖੀ ਸੂਲਿਜ਼ਮੀ ਅਫ਼ੈਂਡੀ ਸੁਲੇਮਾਨ ਨੇ ਦੱਸਿਆ ਕਿ ਇਹ ਹਾਦਸਾ ਕੁਆਲਾਲੰਪੁਰ ਦੇ ਡਾਂਗ ਵਾਂਗੀ ਖੇਤਰ ’ਚ ਵਾਪਰਿਆ ਹੈ। ਉਨ੍ਹਾਂ ਨੇ ਦਰਸ਼ਕਾਂ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਮਹਿਲਾ ਸੜਕ ਤੋਂ ਗੁਜ਼ਰ ਰਹੀ ਸੀ ਉਦੋਂ  ਅਚਾਨਕ ਜ਼ਮੀਨ ਦਾ ਇਕ ਹਿੱਸਾ ਢਹਿ ਗਿਆ ਜਿਸ ਨਾਲ 26 ਫੁੱਟ ਡੂੰਘਾ ਟੋਇਆ ਬਣ ਗਿਆ ਅਤੇ ਉਹ ਉਸ ’ਚ ਡਿੱਗ ਗਈ।

ਉਨ੍ਹਾਂ ਨੇ ਦੱਸਿਆ ਕਿ ਮਹਿਲਾ ਭਾਰਤ ਤੋਂ ਮਲੇਸ਼ੀਆ ਘੁੰਮਣ ਲਈ ਆਈ ਸੀ ਅਤੇ ਉਸ ਦੀ ਉਮਰ 48 ਸਾਲ ਹੈ। ਸੁਲੇਮਾਨ ਨੇ ਦੱਸਿਆ ਕਿ ਬਚਾਅ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਦੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਅਤੇ ਖੱਡੇ ਤੋਂ ਮਲਬਾ ਹਟਾਉਣ ਲਈ ਖੁਦਾਈ ਮਸ਼ੀਨ ਦੀ ਵਰਤੋਂ ਕੀਤੀ ਗਈ ਪਰ ਮਹਿਲਾ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ। ਜਦੋਂ ਸੁਲੇਮਾਨ ਤੋਂ ਮਹਿਲਾ ਦੀ ਸਥਿਤੀ ਜਾਂ ਘਟਨਾ ਦੇ ਕਾਰਨ ਬਾਰੇ ਪੁੱਛਿਆ ਗਿਆ  ਤਾਂ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕੁਆਲਾਲੰਪੁਰ ਦੇ ਪੁਲਸ  ਮੁਖੀ ਰੁਸਦੀ ਮੁਹੰਮਦ ਈਸਾ ਨੇ ਕਿਹਾ ਕਿ ਜ਼ਮੀਨ ਦੇ ਹੇਠਾਂ ਪਾਣੀ ਦਾ ਬਹਾਅ ਤੇਜ਼ ਸੀ, ਇਸ ਲਈ ਇਹ ਸੰਭਾਵਨਾ ਹੈ ਕਿ ਮਹਿਲਾ ਵਹਿ ਗਈ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਔਰਤ ਆਪਣੇ ਪਤੀ ਅਤੇ ਕਈ ਦੋਸਤਾਂ ਨਾਲ ਲਗਭਗ ਦੋ ਮਹੀਨੇ ਪਹਿਲਾਂ ਛੁੱਟੀਆਂ ਮਨਾਉਣ ਲਈ ਮਲੇਸ਼ੀਆ ਆਈ ਸੀ ਅਤੇ ਉਹ ਸ਼ਨੀਵਾਰ ਨੂੰ ਘਰ ਵਾਪਸ ਜਾਣ ਵਾਲੇ ਸਨ। 


Sunaina

Content Editor

Related News