ਸਿੱਖ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 5 ਜਨਵਰੀ ਨੂੰ ਮਨਾਉਣ ਦੀ ਅਪੀਲ
Saturday, Dec 13, 2025 - 08:57 PM (IST)
ਜਰਮਨੀ, ਸਰਬਜੀਤ ਸਿੰਘ ਬਨੂੜ : ਜਰਮਨੀ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਸਿੱਖ ਸੰਸਥਾਵਾਂ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੇਸ਼-ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਾਹਿਬ-ਏ-ਕਲਮ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ (23 ਪੋਹ) ਨੂੰ ਮਨਾਇਆ ਜਾਵੇ।
ਗੁਰਦੁਆਰਾ ਕਮੇਟੀਆਂ 'ਚ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ, ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ, ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ, ਸਾਬਕਾ ਪ੍ਰਧਾਨ ਸਰਦਾਰ ਨਰਿੰਦਰ ਸਿੰਘ, ਗੁਰਦੁਆਰਾ ਦਸਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ , ਗੁਰਦੁਅਰਾ ਸਟੁਟਗਾਰਟ ਭਾਈ ਉਂਕਾਰ ਸਿੰਘ ਗਿੱਲ , ਭਾਈ ਅਵਤਾਰ ਸਿੰਘ ਪ੍ਰਧਾਨ ਸਟੁਟਗਾਟ , ਗੁਰਦੁਆਰਾ ਲਾਈਪਸਿਕ ਭਾਈ ਬਲਦੇਵ ਸਿੰਘ ਬਾਜਵਾ , ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ ਨਰਿੰਦਰ ਸਿੰਘ, ਗੁਰਦੁਆਰਾ ਮਿਉਨਚਨ ਦੇ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ ,ਸਿੰਘ ਸਭਾ ਜਰਮਨੀ ਭਾਈ ਮਲਕੀਤ ਸਿੰਘ, ਸਿੰਘ ਸਭਾ ਫਰੈਕਫੋਰਟ ਭਾਈ ਗੁਰਵਿੰਦਰ ਸਿੰਘ, ਭਾਈ ਹਰਮੀਤ ਸਿੰਘ ਪ੍ਰਧਾਨ ਦਲ ਖਾਲਸਾ ਜਰਮਨੀ, ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਉਨਕਿਰਚਨ ਵੱਲੋਂ ਕਿਹਾ ਗਿਆ ਹੈ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਵੱਲੋਂ ਨਿੱਜੀ ਸਵਾਰਥਾਂ ਅਤੇ ਸਿਆਸੀ ਦਬਾਅ ਹੇਠ ਲਏ ਗਏ ਫੈਸਲਿਆਂ ਕਾਰਨ ਨਾ ਸਿਰਫ਼ ਆਪਣਾ ਸਤਿਕਾਰ ਗੁਆਇਆ ਗਿਆ ਹੈ। ਸਗੋਂ ਅਕਾਲ ਤਖ਼ਤ ਸਾਹਿਬ ਦੇ ਸੁਨਿਹਰੀ ਸਿਧਾਂਤਾਂ ਨੂੰ ਵੀ ਢਾਹ ਲੱਗ ਰਹੀ ਹੈ।
ਉਨ੍ਹਾਂ ਕਿਹਾ ਕਿ ਕੌਮਾਂ ਸਰੀਰਕ ਤੌਰ 'ਤੇ ਮਾਰ ਕੇ ਖ਼ਤਮ ਨਹੀਂ ਹੁੰਦੀਆਂ, ਸਗੋਂ ਜਦੋਂ ਉਨ੍ਹਾਂ ਨੂੰ ਸਿਧਾਂਤਕ ਅਤੇ ਮਾਨਸਿਕ ਤੌਰ 'ਤੇ ਗੁਲਾਮ ਬਣਾਇਆ ਜਾਂਦਾ ਹੈ, ਤਦ ਕੌਮ ਦੀ ਅਸਲ ਮੌਤ ਹੁੰਦੀ ਹੈ। ਜਥੇਦਾਰਾਂ 'ਤੇ ਦੋਸ਼ ਲਗਾਇਆ ਗਿਆ ਕਿ ਉਹ ਆਪਣੇ ਸਿਆਸੀ ਆਕਾਵਾਂ ਅਤੇ ਆਰ.ਐੱਸ.ਐੱਸ. ਦੀ ਸੋਚ ਅਨੁਸਾਰ ਸਿੱਖ ਕੌਮ ਦੇ ਨਿਆਰੇਪਨ ਨੂੰ ਖਤਮ ਕਰ ਰਹੇ ਹਨ ਤੇ ਬ੍ਰਾਹਮਣਵਾਦੀ ਗੁਲਾਮੀ ਵੱਲ ਧੱਕ ਰਹੇ ਹਨ।
ਸੰਸਥਾਵਾਂ ਨੇ ਕਿਹਾ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 27 ਦਸੰਬਰ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨਾਲ ਟਕਰਾ ਰਿਹਾ ਹੈ ਅਤੇ ਅਗਲੇ ਸਾਲ ਗੁਰਪੁਰਬ ਨਾ ਆਉਣ ਦੀ ਸਥਿਤੀ ਬਣ ਰਹੀ ਹੈ, ਜਿਸ ਨਾਲ ਸਿੱਖ ਸੰਗਤਾਂ ਵਿੱਚ ਭੰਬਲਭੂਸਾ ਪੈਦਾ ਹੋ ਰਿਹਾ ਹੈ। ਇਸ ਲਈ ਸਿੱਖ ਕੌਮ ਨੂੰ ਆਪਣੇ ਨਿਆਰੇਪਨ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦੇਣ ਅਤੇ ਸੋਧਾਂ ਦੇ ਨਾਮ 'ਤੇ ਬਿਕ੍ਰਮੀ ਕੈਲੰਡਰ ਨਾਲ ਰਲਿਆ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ।
