ਭਾਰਤੀ ਟੀਮ ਲਈ ਖੇਡਿਆ ਪਾਕਿਸਤਾਨ ਦਾ ਨੈਸ਼ਨਲ ਖਿਡਾਰੀ, ਲਹਿਰਾਇਆ ਤਿਰੰਗਾ
Friday, Dec 19, 2025 - 12:19 PM (IST)
ਕਰਾਚੀ- ਪਾਕਿਸਤਾਨ ਦੇ ਪ੍ਰਸਿੱਧ ਕੌਮਾਂਤਰੀ ਕਬੱਡੀ ਖਿਡਾਰੀ ਓਬੈਦੁਲਲਾਹ ਰਾਜਪੂਤ ’ਤੇ ਸਖਤ ਅਨੁਸ਼ਾਸਨਾਤਮਕ ਕਾਰਵਾਈ ਦਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਉਹ 16 ਦਸੰਬਰ ਨੂੰ ਬਹਿਰੀਨ ਵਿਚ ਇਕ ਨਿੱਜੀ ਟੂਰਨਾਮੈਂਟ ਵਿਚ ਭਾਰਤੀ ਟੀਮ ਲਈ ਖੇਡਿਆ ਸੀ। ਜੀ. ਸੀ.ਸੀ. ਕੱਪ ਵਿਚ ਭਾਰਤੀ ਸ਼ਰਟ ਪਹਿਨੇ ਤੇ ਭਾਰਤੀ ਝੰਡਾ ਲਹਿਰਾਉਂਦੇ ਹੋਏ ਉਬੈਦੁਲਲਾਹ ਦੀ ਵੀਡੀਓ ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਉਹ ਵੱਡੀ ਮੁਸ਼ਕਿਲ ਵਿਚ ਫਸ ਗਿਆ ਹੈ।
ਪਾਕਿਸਤਾਨੀ ਕਬੱਡੀ ਸੰਘ (ਪੀ. ਕੇ. ਐੱਫ.) ਦੇ ਸਕੱਤਰ ਰਾਣਾ ਸਰਵਰ ਨੇ ਕਿਹਾ ਕਿ ਪੀ. ਕੇ. ਐੱਫ. ਦੀ ਹੰਗਾਮੀ ਮੀਟਿੰਗ 27 ਦਸੰਬਰ ਨੂੰ ਬੁਲਾਈ ਗਈ ਹੈ, ਜਿਸ ਵਿਚ ਇਸ ਮਾਮਲੇ ’ਤੇ ਚਰਚਾ ਕੀਤੀ ਜਾਵੇਗੀ ਤੇ ਰਾਜਪੂਤ ਤੇ ਕੁਝ ਹੋਰਨਾਂ ਖਿਡਾਰੀਆਂ ਵਿਰੁੱਧ ਅਨੁਸ਼ਾਨਾਤਮਕ ਕਾਰਵਾਈ ’ਤੇ ਫੈਸਲਾ ਲਿਆ ਜਾਵੇਗਾ। ਸਰਵਰ ਨੇ ਕਿਹਾ, ‘‘ਮੈਂ ਪੁਸ਼ਟੀ ਕਰ ਸਕਦਾ ਹੈ ਕਿ ਇਹ ਇਕ ਨਿੱਜੀ ਟੂਰਨਾਮੈਂਟ ਸੀ, ਜਿਸ ਵਿਚ ਆਯੋਜਕਾਂ ਵੱਲੋਂ ਪ੍ਰਤੀਯੋਗਿਤਾ ਵਿਚ ਭਾਰਤ, ਪਾਕਿਸਤਾਨ, ਕੈਨੇਡਾ , ਈਰਾਨ ਆਦਿ ਨਾਵਾਂ ’ਤੇ ਨਿੱਜੀ ਟੀਮਾਂ ਬਣਾਈਆਂ ਸਨ ਪਰ ਸਾਰੀਆਂ ਟੀਮਾਂ ਵਿਚ ਆਪਣੇ-ਆਪਣੇ ਦੇਸ਼ ਦੇ ਖਿਡਾਰੀ ਸਨ। ਭਾਰਤੀ ਖਿਡਾਰੀਆਂ ਨੇ ਭਾਰਤੀ ਨਿੱਜੀ ਟੀਮ ਦੀ ਪ੍ਰਤੀਨਿਧਤਾ ਕੀਤੀ ਤੇ ਓਬੈਦੁਲਲਾਹ ਉਸਦੇ ਲਈ ਖੇਡਿਆਂ ਜਿਹੜਾ ਇਨ੍ਹਾਂ ਹਾਲਾਤ ਵਿਚ ਮਨਜ਼ੂਰ ਨਹੀਂ ਹੈ।’’
ਸਰਵਰ ਨੇ ਇਹ ਵੀ ਦਾਅਵਾ ਕੀਤਾ ਕਿ 16 ਪਾਕਿਸਤਾਨੀ ਖਿਡਾਰੀ ਸੰਘ ਜਾਂ ਪਾਕਿਸਤਾਨ ਖੇਡ ਬੋਰਡ ਤੋਂ ਬਿਨਾਂ ਕਿਸੇ ਮਨਜ਼ੂਰੀ ਦੇ ਬਹਿਰੀਨ ਗਏ ਸਨ। ਉਸ ਨੇ ਕਿਹਾ, ‘‘ਇਸ ਲਈ ਇਨ੍ਹਾਂ ਖਿਡਾਰੀਆਂ ਵਿਰੁੱਧ ਵੀ ਪਾਕਿਸਤਾਨ ਟੀਮ ਦੇ ਨਾਂ ’ਤੇ ਗਲਤ ਤਰੀਕੇ ਨਾਲ ਖੇਡਣ ਲਈ ਕਾਰਵਾਈ ਕੀਤੀ ਜਾਵੇਗੀ।’’ ਰਾਜਪੂਤ ਨੇ ਮੁਆਫੀ ਮੰਗੀ ਹੈ ਤੇ ਸਾਫ ਕੀਤਾ ਹੈ ਕਿ ਉਸ ਨੂੰ ਬਹਿਰੀਨ ਵਿਚ ਇਸ ਪ੍ਰਤੀਯੋਗਿਤਾ ਵਿਚ ਖੇਡਣ ਲਈ ਸੱਦਾ ਦਿੱਤਾ ਗਿਆ ਸੀ ਤੇ ਉਸ ਨੂੰ ਇਕ ਨਿੱਜੀ ਟੀਮ ਵਿਚ ਸ਼ਾਮਲ ਕੀਤਾ ਗਿਆ। ਉਸ ਨੇ ਕਿਹਾ, ‘‘ਪਰ ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਟੀਮ ਦਾ ਨਾਂ ਭਾਰਤੀ ਟੀਮ ਰੱਖਿਆ ਸੀ ਤੇ ਮੈਂ ਆਯੋਜਕਾਂ ਨੂੰ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਦੇ ਨਾਂ ਇਸਤੇਮਾਲ ਨਾ ਕਰਨ।’’
