ਮਿਸਰ ਦੇ ਜੈੱਟ ’ਚ ਭਾਰਤੀ ਹਵਾਈ ਫੌਜ ਦੇ ਜਹਾਜ਼ ਨੇ ਹਵਾ ’ਚ ਭਰਿਆ ਈਂਧਨ

Monday, Sep 04, 2023 - 04:29 PM (IST)

ਮਿਸਰ ਦੇ ਜੈੱਟ ’ਚ ਭਾਰਤੀ ਹਵਾਈ ਫੌਜ ਦੇ ਜਹਾਜ਼ ਨੇ ਹਵਾ ’ਚ ਭਰਿਆ ਈਂਧਨ

ਕਾਹਿਰਾ (ਏ. ਐੱਨ. ਆਈ.)- ਭਾਰਤੀ ਹਵਾਈ ਫੌਜ ਦੇ ਏਅਰ-ਟੂ-ਏਅਰ ਰਿਫਿਊਲਿੰਗ ਏਅਰਕ੍ਰਾਫਟ ਆਈ.ਐੱਲ.-78 ਨੇ ਇੱਥੇ ਕਰਵਾਏ ਜਾ ਰਹੇ ਅਭਿਆਸ ‘ਬ੍ਰਾਈਟ ਸਟਾਰ-23’ ਦੌਰਾਨ ਮਿਸਰ ਦੀ ਹਵਾਈ ਫੌਜ ਦੇ ਜਹਾਜ਼ ਨੂੰ ਰੀਫਿਊਲ ਕਰਨ ਤੋਂ ਬਾਅਦ ਤਾਰੀਫ ਹਾਸਲ ਕੀਤੀ। ਰੱਖਿਆ ਮੰਤਰਾਲਾ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੀ ਟੁਕੜੀ ਕਾਹਿਰਾ (ਪੱਛਮੀ) ਏਅਰਬੇਸ ’ਤੇ ਦੋ-ਸਾਲਾ ਬਹੁ-ਪੱਖੀ ਤਿਕੋਣੀ ਸੇਵਾਵਾਂ ਅਭਿਆਸ ਵਿੱਚ ਹਿੱਸਾ ਲੈ ਰਹੀ ਹੈ, ਜੋ ਐਤਵਾਰ ਨੂੰ ਸ਼ੁਰੂ ਹੋਈ ਅਤੇ 16 ਸਤੰਬਰ ਨੂੰ ਸਮਾਪਤ ਹੋਵੇਗੀ। ‘ਬ੍ਰਾਈਟ ਸਟਾਰ-23’ ਵਿੱਚ ਭਾਰਤੀ ਹਵਾਈ ਫੌਜ ਪਹਿਲੀ ਵਾਰ ਸ਼ਾਮਲ ਹੋਈ ਹੈ। ਇਸ ਵਿੱਚ ਅਮਰੀਕਾ, ਸਾਊਦੀ ਅਰਬ, ਯੂਨਾਨ ਅਤੇ ਕਤਰ ਦੀਆਂ ਹਵਾਈ ਫੌਜ ਦੀਆਂ ਟੁਕੜੀਆਂ ਵੀ ਹਿੱਸਾ ਲੈ ਰਹੀਆਂ ਹਨ। ਭਾਰਤੀ ਹਵਾਈ ਫੌਜ ਦੀ ਟੁਕੜੀ ਵਿੱਚ 5 ਮਿਗ-29, 2 ਆਈ.ਐੱਲ.-78, 2 ਸੀ-130 ਅਤੇ 2 ਸੀ-17 ਜਹਾਜ਼ ਸ਼ਾਮਲ ਹਨ।

ਭਾਰਤੀ ਹਵਾਈ ਫੌਜ ਦੀ ‘ਗਰੁੜ’ ਵਿਸ਼ੇਸ਼ ਫੋਰਸ ਦੇ ਜਵਾਨਾਂ ਦੇ ਨਾਲ-ਨਾਲ 28, 77, 78 ਅਤੇ 81 ਸਕੁਐਡਰਨ ਦੇ ਜਵਾਨ ਵੀ ਅਭਿਆਸ ਵਿੱਚ ਹਿੱਸਾ ਲੈਣਗੇ। ਏਅਰ ਫੋਰਸ ਟਰਾਂਸਪੋਰਟ ਏਅਰਕ੍ਰਾਫਟ ਲਗਭਗ 150 ਆਰਮੀ ਕਰਮਚਾਰੀਆਂ ਨੂੰ ਏਅਰਲਿਫਟ ਪ੍ਰਦਾਨ ਕਰੇਗਾ। ਭਾਰਤੀ ਹਵਾਈ ਫੌਜ ਦਾ ਇਸ ’ਚ ਸ਼ਾਮਲ ਹੋਣ ਦਾ ਮਕਸਦ ਨਾ ਸਿਰਫ਼ ਗਲੋਬਲ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ, ਸਗੋਂ ਸੰਯੁਕਤ ਕਾਰਵਾਈਆਂ ਦੀ ਯੋਜਨਾਬੰਦੀ ਕਰਨਾ ਅਤੇ ਇਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਵੀ ਹੈ।


author

cherry

Content Editor

Related News