ਆਸਟ੍ਰੇਲੀਆ ''ਚ ਕਵੀ ਵਿਸ਼ਾਲ ਨਾਲ ਰੂਬਰੂ ਤੇ ਸਨਮਾਨ ਸਮਾਰੋਹ ਆਯੋਜਿਤ

Monday, Jun 24, 2024 - 04:59 PM (IST)

ਆਸਟ੍ਰੇਲੀਆ ''ਚ ਕਵੀ ਵਿਸ਼ਾਲ ਨਾਲ ਰੂਬਰੂ ਤੇ ਸਨਮਾਨ ਸਮਾਰੋਹ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) -  ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਆਸਟ੍ਰੇਲੀਆ ਦੇ ਦੌਰੇ ਤੇ ਆਏ ਸੰਪਾਦਕ ਅੱਖ਼ਰ ਅਤੇ ਸ਼ਾਇਰ ਵਿਸ਼ਾਲ ਦੇ ਸਨਮਾਨ ਵਿਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਹੋਏ ਇਸ ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਇਸ ਉਪਰੰਤ ਦਲਵੀਰ ਹਲਵਾਰਵੀ, ਰੁਪਿੰਦਰ ਸੋਜ਼, ਨਿਰਮਲ ਦਿਓਲ, ਪਾਲ ਰਾਊਕੇ, ਚੇਤਨਾ ਗਿੱਲ, ਇਕਬਾਲ ਸਿੰਘ ਧਾਮੀ ਅਤੇ ਮਨਜੀਤ ਬੋਪਾਰਾਏ ਜੀ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਟੇਜ ਤੇ ਹਾਜ਼ਰੀ ਲਵਾਈ।

ਸਮਾਗਮ ਦੇ ਅੰਤਲੇ ਸ਼ੈਸਨ ਵਿਚ ਕੁਲਜੀਤ ਕੌਰ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰਜ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਆਰਥਿਕ ਅਤੇ ਰਾਜਨੀਤਕ ਸਮੀਕਰਨਾਂ ਬਾਰੇ ਬਹੁਤ ਭਾਵਪੂਰਤ ਗੱਲ-ਬਾਤ ਕੀਤੀ। ਉਨ੍ਹਾਂ ਤੋਂ ਬਾਅਦ ਵਿਸ਼ਾਲ ਨੇ ਤਕਰੀਬਨ ਇਕ ਘੰਟਾ ਆਪਣੇ ਕਾਵਿਕ ਸਫ਼ਰ, ਸਿਰਜਣ ਪ੍ਰਕਿਰਿਆ, ਪ੍ਰਮਿੰਦਰਜੀਤ ਨਾਲ ਆਪਣੀ ਸਾਂਝ, ਨਾਗਮਣੀ ਵਿਚ ਪ੍ਰਕਾਸ਼ਨ, ਇੰਡੋ ਇਟਾਲੀਅਨ ਟਾਈਮਜ ਅਖ਼ਬਾਰ ਅਤੇ ਗੀਤਕਾਰੀ ਦੇ ਖੇਤਰ ਨਾਲ ਜੁੜੇ ਬਹੁਤ ਸਾਰੇ ਦਿਲਚਸਪ ਪਹਿਲੂ ਸਾਂਝੇ ਕੀਤੇ।

ਸਵਾਲ-ਜਵਾਬ ਦੇ ਸਿਲਸਿਲੇ ਵਿਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ। ਇਪਸਾ ਵੱਲੋਂ ਦੋਵਾਂ ਮਹਿਮਾਨ ਹਸਤੀਆਂ ਨੂੰ ਸਨਮਾਨ ਚਿੰਨ੍ਹ ਅਤੇ ਇਪਸਾ ਸੋਵੀਨਾਰ ਨਾਲ ਸਨਮਾਨਿਤ ਕੀਤਾ ਗਿਆ। ਹਾਜ਼ਰੀਨ ਲੇਖਕਾਂ ਅਤੇ ਸਰੋਤਿਆਂ ਵੱਲੋਂ ਕਨੇਡਾ ਵਾਸੀ ਪੰਜਾਬੀ ਲੇਖਕ ਇੰਦਰਜੀਤ ਸਿੰਘ ਧਾਮੀ ਦੀ ਕਿਤਾਬ (ਸਰੀ ਦੇ ਸ਼੍ਰੀ) ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਬਾਸੀ, ਮੌਜੂਦਾ ਸਰਪ੍ਰਸਤ ਬਿਕਰਮਜੀਤ ਸਿੰਘ ਚੰਦੀ, ਸ਼ਮਸ਼ੇਰ ਸਿੰਘ ਚੀਮਾ, ਗੁਰਜੀਤ ਸਿੰਘ ਉੱਪਲ਼, ਕਿਰਨਦੀਪ ਸਿੰਘ ਵਿਰਕ, ਹਰਕੀ ਵਿਰਕ ਅਤੇ ਅਰਮਾਨ ਅਰੋੜਾ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।


author

Harinder Kaur

Content Editor

Related News