ਓਮੀਕਰੋਨ ਦੀ ਦਹਿਸ਼ਤ, ਇਜ਼ਰਾਈਲ ਨੇ ''ਚੌਥੀ'' ਬੂਸਟਰ ਡੋਜ਼ ਲਗਾਉਣ ਦੀ ਦਿੱਤੀ ਮਨਜ਼ੂਰੀ
Friday, Dec 31, 2021 - 10:09 AM (IST)
ਯੇਰੂਸ਼ਲਮ (ਬਿਊਰੋ): ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਕਈ ਦੇਸ਼ ਕੋਰੋਨਾ ਤੋਂ ਬਚਣ ਲਈ ਵੈਕਸੀਨ ਦੀ ਬੂਸਟਰ ਡੋਜ਼ ਨੂੰ ਹਥਿਆਰ ਮੰਨ ਰਹੇ ਹਨ ਪਰ ਕਈ ਦੇਸ਼ ਬੂਸਟਰ ਡੋਜ਼ ਨੂੰ ਕਾਫੀ ਨਹੀਂ ਮੰਨ ਰਹੇ ਹਨ ਅਤੇ ਚੌਥੀ ਡੋਜ਼ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਟੀਕੇ ਦੀ ਚੌਥੀ ਖੁਰਾਕ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਜ਼ਰਾਈਲ ਚੌਥੀ ਖੁਰਾਕ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਤੋਂ ਇਲਾਵਾ ਇਜ਼ਰਾਈਲ ਵਿੱਚ ਫਾਈਜ਼ਰ ਦੀਆਂ ਐਂਟੀ-ਕੋਵਿਡ ਗੋਲੀਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ।ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਚੌਥੀ ਖੁਰਾਕ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਖ਼ਿਲਾਫ਼ ਕਾਰਗਰ ਸਾਬਤ ਹੋ ਸਕਦੀ ਹੈ।
ਸਤੰਬਰ ਤੋਂ ਬਾਅਦ ਮਾਮਲਿਆਂ ਵਿਚ ਵਾਧਾ
ਇਜ਼ਰਾਈਲ 'ਚ ਕੋਰੋਨਾ ਅਤੇ ਓਮੀਕਰੋਨ ਦੇ ਵੱਧਦੇ ਮਾਮਲਿਆਂ ਦਰਮਿਆਨ ਚੌਥੀ ਖੁਰਾਕ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਵੀਰਵਾਰ ਨੂੰ ਦੇਸ਼ 'ਚ 4 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸਤੰਬਰ ਤੋਂ ਬਾਅਦ ਇਹ ਸਭ ਤੋਂ ਵੱਧ ਅੰਕੜਾ ਹੈ। ਸਿਹਤ ਮੰਤਰੀ ਨਿਤਜਾਨ ਹੋਰੋਵਿਟਜ਼ ਨੇ ਕਿਹਾ ਕਿ ਇਜ਼ਰਾਈਲ ਵਿੱਚ ਕੋਰੋਨਾ ਦੀ ਪੰਜਵੀਂ ਲਹਿਰ ਚੱਲ ਰਹੀ ਹੈ ਅਤੇ ਓਮੀਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਸਥਿਤੀ 'ਤੇ ਕਾਬੂ ਪਾਉਣ ਲਈ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਨੂੰ ਰੋਕਣ ਲਈ ਵਚਨਬੱਧ ਹੈ।
30 ਲੱਖ ਤੋਂ ਵੱਧ ਲੋਕਾਂ ਨੂੰ ਲਗਾਈ ਗਈ ਤੀਜੀ ਵੈਕਸੀਨ
ਇੱਥੇ ਦੱਸ ਦਈਏ ਕਿ ਜਿੱਥੇ ਦੁਨੀਆ ਵਿਚ ਕਈ ਦੇਸ਼ਾਂ ਦੇ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਵੀ ਨਹੀਂ ਲੱਗੀ ਹੈ, ਉੱਥੇ ਇਜ਼ਰਾਈਲ ਵਿਚ 30 ਲੱਖ ਤੋਂ ਵੱਧ ਲੋਕਾਂ ਮਤਲਬ 3.4 ਮਿਲੀਅਨ (34 ਲੱਖ) ਨੂੰ ਤੀਜੀ ਖੁਰਾਕ ਬੂਸਟਰ ਡੋਜ਼ ਵਜੋਂ ਦਿੱਤੀ ਜਾ ਚੁੱਕੀ ਹੈ। ਹੁਣ ਸਰਕਾਰ ਨੇ ਚੌਥੀ ਡੋਜ਼ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਨੇ ਤੇਜ਼ੀ ਨਾਲ ਕੋਰੋਨਾ ਨੂੰ ਕਾਬੂ ਕਰ ਲਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- Year Ender 2021: 'ਨਵੀਂ ਦੋਸਤੀ, ਨਵੇਂ ਤਣਾਅ' ਅਤੇ 'ਤਾਲਿਬਾਨ' ਸਮੇਤ ਅਹਿਮ ਸਬਕ ਜੋ ਦੁਨੀਆ ਲਈ ਬਣੇ ਉਦਾਹਰਨ
ਬ੍ਰਿਟੇਨ, ਅਮਰੀਕਾ ਵਿਚ ਬੁਰਾ ਹਾਲ
ਅਮਰੀਕਾ ਵਿਚ ਰੋਜ਼ਾਨਾ ਔਸਤਨ 265,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਜਦਕਿ ਰੂਸ ਵਿਚ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬ੍ਰਿਟੇਨ ਵਿਚ ਬੁੱਧਵਾਰ ਨੂੰ 1.83.037 ਮਾਮਲੇ ਸਾਹਮਣੇ ਆਏ ਜੋ ਪਿਛਲੇ ਦਿਨ ਦੇ ਮੁਕਾਬਲੇ 32 ਫੀਸਦੀ ਜ਼ਿਆਦਾ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।