ਅਮਰੀਕੀ PR ਦਾ ਲਾਰਾ ਲਾ ਕੇ ਪੰਜਾਬੀ ਨੇ ਮਾਰੀ ਲੱਖਾਂ ਡਾਲਰਾਂ ਦੀ ਠੱਗੀ

02/23/2019 1:16:13 AM

ਸੇਨ ਡਿਆਗੋ — ਅਮਰੀਕਾ 'ਚ ਪੱਕਾ ਕਰਵਾਉਣ ਦਾ ਲਾਰਾ ਕੇ ਲੱਖਾਂ ਡਾਲਰ ਠੱਗਣ ਵਾਲੇ 70 ਸਾਲ ਦੇ ਹਰਦੇਵ ਪਨੇਸਰ ਨੇ ਆਪਣਾ ਜੁਰਮਾਨਾ ਕਬੂਲ ਕਰ ਲਿਆ ਹੈ। ਸੈਨ ਡਿਆਗੋ ਦੀ ਫੈਡਰਲ ਅਦਾਲਤ 'ਚ ਪੇਸ਼ ਕੀਤੇ ਗਏ ਹਰਦੇਵ ਪਨੇਸਰ ਨੇ ਪੀੜਤਾਂ ਨੂੰ 25 ਲੱਖ ਡਾਲਰ ਦੀ ਰਕਮ ਵਾਪਸ ਕਰਨ ਦੀ ਸਹਿਮਤੀ ਵੀ ਦੇ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਹਰਦੇਵ ਪਨੇਸਰ ਨੇ 100 ਤੋਂ ਵੱਧ ਪ੍ਰਵਾਸੀਆਂ ਨੂੰ ਆਪਣੇ ਜਾਲ 'ਚ ਫਸਾਇਆ। ਉਹ ਆਪਣੇ ਆਪ ਨੂੰ ਅਮਰੀਕੀ ਨਿਆ ਵਿਭਾਗ ਦਾ ਅਫਸਰ ਦੱਸਦਾ ਸੀ ਅਤੇ ਪੱਕਾ ਕਰਵਾਉਣ ਦੇ ਇਵਜ਼ 'ਚ ਮੋਟੀ ਰਕਮ ਦੀ ਮੰਗ ਕਰਦਾ ਸੀ। ਪੰਜ ਸਾਲ ਤੱਕ ਇਹ ਸਭ ਚੱਲਦਾ ਰਿਹਾ ਅਤੇ ਆਖਰਕਾਰ ਹਰਦੇਵ ਪਨੇਸਰ ਪੁਲਸ ਦੇ ਅੜਿੱਕੇ ਆ ਗਿਆ। ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਮਗਰੋਂ ਹਰਦੇਵ ਜਮਾਨਤ 'ਤੇ ਰਿਹਾਅ ਹੋਇਆ ਤਾਂ ਪਿਛਲੇ ਸਾਲ ਜੂਨ 'ਚ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਕਸੀਕੋ ਫਰਾਰ ਹੋ ਗਿਆ। ਅਮਰੀਕਾ ਦੀ ਸਿਫਾਰਿਸ਼ 'ਤੇ ਮਕਸੀਕੋ ਪੁਲਸ ਨੇ ਹਰਦੇਵ ਪਨੇਸਰ ਨੂੰ ਕਾਬੂ ਕਰ ਦੇ ਡਿਪੋਰਟ ਕਰ ਦਿੱਤਾ ਅਤੇ ਮੁਕੱਦਮੇ ਦੀ ਸੁਣਵਾਈ ਨਵੇਂ ਸਿਰੇ ਤੋਂ ਸ਼ੁਰੂ ਹੁੰਦਿਆਂ ਹੀ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਫੈਡਰਲ ਅਦਾਲਤ ਵਲੋਂ ਹਰਦੇਵ ਪਨੇਸਰ ਨੂੰ ਸਜ਼ਾ ਦਾ ਐਲਾਨ ਮਈ 'ਚ ਕੀਤਾ ਜਾਵੇਗਾ। ਉਸ ਨੂੰ ਵੱਧ ਤੋਂ ਵੱਧ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹਰਦੇਵ ਦੇ ਸਾਥੀਆਂ ਨੂੰ ਤਿੰਨ ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਜ ਚੁੱਕੀ ਹੈ। ਅਮਰੀਕੀ ਨਿਆ ਵਿਭਾਗ ਮੁਤਾਬਕ ਹਰਦੇਵ ਪਨੇਸਰ ਨੇ ਸਰਕਾਰੀ ਅਫਸਰ ਦੇ ਰੂਪ 'ਚ ਜਾਅਲੀ ਸ਼ਨਾਖਤੀ ਕਾਰਡ ਬਣਾਏ ਹੋਏ ਸਨ ਅਤੇ ਉਹ ਪ੍ਰਵਾਸੀਆਂ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਲੈਂਦਾ ਸੀ ਜਿਸ ਤੋਂ ਸਾਰੀ ਪ੍ਰਕਿਰਿਆ ਬਿਲਕੁੱਲ ਜਾਇਜ਼ ਮਹਿਸੂਸ ਹੁੰਦੀ।


Related News