ਅਮਰੀਕਾ ਨੇ ਅਫਗਾਨਿਸਤਾਨ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਲਿਆ ਫੈਸਲਾ
Friday, Dec 21, 2018 - 11:04 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਤੋਂ ਵੱਡੀ ਗਿਣਤੀ ਵਿਚ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ। ਇਕ ਅਮਰੀਕੀ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਏ ਜਾਣ ਦਾ ਫੈਸਲਾ ਕੀਤੇ ਜਾਣ ਦੇ ਇਕ ਦਿਨ ਬਾਅਦ ਇਹ ਐਲਾਨ ਕੀਤਾ ਗਿਆ। ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ,''ਫੈਸਲਾ ਕੀਤਾ ਗਿਆ ਹੈ ਕਿ ਵੱਡੀ ਗਿਣਤੀ ਵਿਚ ਫੌਜੀਆਂ ਨੂੰ ਵਾਪਸ ਬੁਲਾਇਆ ਜਾਵੇਗਾ।''
ਫਿਲਹਾਲ ਅਫਗਾਨਿਸਤਾਨ ਵਿਚ ਤਕਰੀਬਨ 14,000 ਅਮਰੀਕੀ ਫੌਜੀ ਹਨ। ਉਹ ਜਾਂ ਤਾਂ ਅਫਗਾਨ ਬਲਾਂ ਦੇ ਸਮਰਥਨ ਵਿਚ ਨਾਟੋ ਮਿਸ਼ਨ ਦੇ ਨਾਲ ਕੰਮ ਕਰ ਰਹੇ ਹਨ ਜਾਂ ਵੱਖ ਅੱਤਵਾਦ ਵਿਰੋਧੀ ਮੁਹਿੰਮ ਵਿਚ ਕੰਮ ਕਰ ਰਹੇ ਹਨ। ਟਰੰਪ ਨੇ ਮੰਗਲਵਾਰ ਨੂੰ ਇਸ ਬਾਰੇ ਵਿਚ ਫੈਸਲਾ ਕੀਤਾ। ਉਸੇ ਵੇਲੇ ਉਨ੍ਹਾਂ ਨੇ ਪੇਂਟਾਗਨ ਨੂੰ ਕਿਹਾ ਕਿ ਉਹ ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਇਹ ਕਹਿੰਦੇ ਹੋਏ ਅਸਤੀਫਾ ਦੇ ਦਿੱਤਾ ਕਿ ਉਨ੍ਹਾਂ ਦੇ ਵਿਚਾਰ ਟਰੰਪ ਨਾਲ ਮੇਲ ਨਹੀਂ ਖਾ ਰਹੇ ਹਨ।