ਅਮਰੀਕੀ ਕੰਪਨੀ ਦਾ ਦਾਅਵਾ-''ਲੱਭਿਆ ਕੋਰੋਨਾ ਦਾ ਇਲਾਜ, 100 ਫੀਸਦੀ ਅਸਰਦਾਰ''

Saturday, May 16, 2020 - 06:04 PM (IST)

ਅਮਰੀਕੀ ਕੰਪਨੀ ਦਾ ਦਾਅਵਾ-''ਲੱਭਿਆ ਕੋਰੋਨਾ ਦਾ ਇਲਾਜ, 100 ਫੀਸਦੀ ਅਸਰਦਾਰ''

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਜਲਦੀ ਤੋਂ ਜਲਦੀ ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਅਮਰੀਕਾ ਦੀ ਇਕ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾਵਾਇਰਸ ਦਾ ਇਲਾਜ ਲੱਭ ਲਿਆ ਹੈ। ਫੌਕਸ ਨਿਊਜ਼ ਦੀ ਇਕ ਰਿਪੋਰਟ ਦੇ ਮੁਤਾਬਕ,''ਕੈਲੀਫੋਰਨੀਆ ਦੀ ਬਾਯੋਟੇਕ ਕੰਪਨੀ Sorrento Therapeutics ਨੇ ਕਿਹਾ ਹੈ ਕਿ ਉਸ ਨੇ  STI-1499 ਨਾਮ ਦੀ ਐਂਟੀਬੌਡੀ ਤਿਆਰ ਕੀਤੀ ਹੈ।ਕੰਪਨੀ ਨੇ ਕਿਹਾ ਹੈ ਕਿ ਪੇਟ੍ਰੀ ਡਿਸ਼ ਅਧਿਐਨ ਵਿਚ ਪਤਾ ਚੱਲਿਆ ਹੈ ਕਿ  STI-1499 ਐਂਟੀਬੌਡੀ ਕੋਰੋਨਾਵਾਇਰਸ ਨੂੰ ਇਨਸਾਨਾਂ ਦੇ ਸੈੱਲਜ਼ ਵਿਚ ਇਨਫੈਕਸ਼ਨ ਫੈਲਾਉਣ ਤੋਂ 100 ਫੀਸਦੀ ਤੱਕ ਰੋਕ ਦਿੰਦੀ ਹੈ।

PunjabKesari

ਸੋਰੇਨਟੋ ਕੰਪਨੀ ਨਿਊਯਾਰਕ ਦੇ ਮਾਊਂਟ ਸਿਨਈ ਸਕੂਲ ਆਫ ਮੈਡੀਸਨ ਦੇ ਨਾਲ ਮਿਲ ਕੇ ਕਈ ਐਂਟੀਬੌਡੀ ਤਿਆਰ ਕਰਨ 'ਤੇ ਕੰਮ ਕਰ ਰਹੀ ਹੈ। ਯੋਜਨਾ ਇਹ ਹੈ ਕਿ ਕਈ ਐਂਟੀਬੌਡੀ ਨੂੰ ਮਿਲਾ ਕੇ 'ਦਵਾਈ ਦਾ ਕਾਕਟੇਲ' ਤਿਆਰ ਕੀਤਾ ਜਾਵੇ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਸੋਰੇਨਟੋ ਕੰਪਨੀ ਨੇ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਹੈ ਕਿ ਉਹ ਇਕ ਮਹੀਨੇ ਵਿਚ ਐਂਟੀਬੌਡੀ ਦੇ 2 ਲੱਖ ਡੋਜ਼ ਮਤਲਬ ਖੁਰਾਕਾਂ ਤਿਆਰ ਕਰ ਸਕਦੀ ਹੈ। ਕੰਪਨੀ ਨੇ STI-1499 ਐਂਟੀਬੌਡੀ ਦੀ ਵਰਤੋਂ ਨੂੰ ਮਨਜ਼ੂਰੀ ਦੇ ਲਈ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੂੰ ਐਪਲੀਕੇਸ਼ਨ ਭੇਜੀ ਹੈ। ਕੰਪਨੀ ਨੇ ਐਮਰਜੈਂਸੀ ਦੇ ਆਧਾਰ 'ਤੇ ਮਨਜ਼ੂਰੀ ਦੀ ਮੰਗ ਕੀਤੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਮਾਊਥ ਵਾਸ਼ ਨਾਲ ਮਰ ਸਕਦਾ ਹੈ ਕੋਰੋਨਾਵਾਇਰਸ

ਇਸ ਖਬਰ ਦੇ ਬਾਅਦ ਕੰਪਨੀ ਦੇ ਸਟਾਕ ਦੀ ਕੀਮਤ ਵਿਚ 220 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਸੋਰੇਨਟੋ ਦੇ ਸੀ.ਈ.ਓ. ਡਾਕਟਰ ਹੇਨਰੀ ਜੀ ਨੇ ਫੌਕਸ ਨਿਊਜ਼ ਨੂੰ ਕਿਹਾ,''ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਦਾ ਇਕ ਇਲਾਜ ਹੈ। ਇਹ ਇਲਾਜ 100 ਫੀਸਦੀ ਅਸਰਦਾਰ ਹੈ।'' ਹੇਨਰੀ ਨੇ ਕਿਹਾ ਕਿ ਜੇਕਰ ਤੁਹਾਡੇ ਸਰੀਰ ਵਿਚ ਵਾਇਰਸ ਨੂੰ ਨਿਊਟਰਲਾਈਜ ਕਰਨ ਦੇ ਲਈ ਐਂਟੀਬੌਡੀ ਮੌਜੂਦ ਰਹਿੰਦੇ ਹਨ ਤਾਂ ਤੁਹਾਨੂੰ ਸਮਾਜਿਕ ਦੂਰੀ ਦੀ ਲੋੜ ਨਹੀਂ ਹੋਵੇਗੀ। ਬਿਨਾਂ ਡਰ ਦੇ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ।'' ਭਾਵੇਂਕਿ ਇਸ ਐਂਟੀਬੌਡੀ ਦਾ ਟੈਸਟ ਲੈਬ ਵਿਚ ਇਨਸਾਨੀ ਸੈੱਲਾਂ 'ਤੇ ਕੀਤਾ ਗਿਆ ਹੈ, ਇਨਸਾਨਾਂ 'ਤੇ ਸਿੱਧੇ ਤੌਰ 'ਤੇ ਇਸ ਦਾ ਪਰੀਖਣ ਨਹੀਂ ਹੋਇਆ ਹੈ। ਐਂਟੀਬੌਡੀ ਦੇ ਸਾਈਡ ਇਫੈਕਟ ਵੀ ਫਿਲਹਾਲ ਪਤਾ ਨਹੀਂ ਹਨ ਅਤੇ ਇਹ ਵੀ ਪਤਾ ਨਹੀਂ ਕਿ ਇਨਸਾਨੀ ਸਰੀਰ 'ਤੇ ਇਹ ਕਿਸ ਤਰ੍ਹਾਂ ਨਾਲ ਅਸਰ ਕਰੇਗਾ।


author

Vandana

Content Editor

Related News