ਅਮਰੀਕਾ : ਲੋਕਾਂ 'ਚ ਕੋਰੋਨਾ ਦਾ ਡਰ, ਜ਼ਰੂਰੀ ਚੀਜ਼ਾਂ ਨੂੰ ਜਮਾਂ ਕਰਨਾ ਕੀਤਾ ਸ਼ੁਰੂ
Friday, Mar 06, 2020 - 04:07 PM (IST)
ਵਾਸ਼ਿੰਗਟਨ (ਬਿਊਰੋ): ਜਾਨਲੇਵਾ ਕੋਰੋਨਾਵਾਇਰਸ ਦਾ ਡਰ ਹੌਲੀ-ਹੌਲੀ ਪੂਰੀ ਦੁਨੀਆ ਵਿਚ ਫੈਲਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਅਮਰੀਕਾ ਜਿਹੇ ਵਿਕਸਿਤ ਅਤੇ ਤਾਕਤਵਰ ਦੇਸ਼ ਦੇ ਨਾਗਰਿਕ ਵੀ ਇਸ ਵਾਇਰਸ ਨਾਲ ਕਾਫੀ ਡਰੇ ਹੋਏ ਹਨ। ਇੱਥੇ ਲੋਕਾਂ ਵਿਚ ਡਰ ਫੈਲ ਗਿਆ ਹੈ ਕਿ ਇਸ ਵਾਇਰਸ ਦਾ ਇਨਫੈਕਸ਼ਨ ਮਹਾਮਾਰੀ ਦਾ ਰੂਪ ਲੈ ਸਕਦਾ ਹੈ। ਇਸ ਮਹਾਮਾਰੀ ਦੇ ਖਦਸ਼ੇ ਕਾਰਨ ਲੋਕ ਹੁਣ ਤੋਂ ਹੀ ਜ਼ਰੂਰੀ ਸਾਮਾਨ ਨੂੰ ਸਟਾਕ ਕਰ ਰਹੇ ਹਨ। ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਅਮਰੀਕਾ ਵਿਚ ਹੁਣ ਤੱਕ 11 ਮੌਤਾਂ ਹੋ ਚੁੱਕੀਆਂ ਹਨ ਅਤੇ 152 ਲੋਕਾਂ ਵਿਚ ਇਨਫੈਕਸ਼ਨ ਪਾਇਆ ਗਿਆ ਹੈ। ਉੱਥੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚ ਚੀਨ, ਈਰਾਨ, ਇਟਲੀ ਅਤੇ ਦੱਖਣੀ ਕੋਰੀਆ ਹਨ।
ਭਾਰਤ ਵਿਚ ਹੁਣ ਤੱਕ ਇਸ ਵਾਇਰਸ ਦੇ 31 ਮਾਮਲੇ ਸਾਹਮਣੇ ਆ ਚੁੱਕੇ ਹਨ। ਡੇਲੀ ਮੇਲ ਦੀ ਇਕ ਰਿਪੋਰਟ ਦੇ ਮੁਤਾਬਕ ਪਿਛਲੇ ਇਕ ਹਫਤੇ ਦੇ ਦੌਰਾਨ ਡੱਬਾਬੰਦ ਖਾਣ-ਪੀਣ ਦੇ ਸਾਮਾਨਾਂ ਦੀ ਵਿਕਰੀ ਵਿਚ ਵੱਡੇ ਪੱਧਰ 'ਤੇ ਵਾਧਾ ਦੇਖਿਆ ਗਿਆ। ਲੋਕ ਡੱਬਾਬੰਦ ਦੁੱਧ, ਫਲਾਂ ਨਾਲ ਬਣੇ ਸਨੈਕਸ ਆਦਿ ਨੂੰ ਸਟੋਰ ਕਰ ਰਹੇ ਹਨ। ਇਸ ਦੇ ਇਲਾਵਾ ਹੈਂਡਵਾਸ਼, ਸੈਨੇਟਾਈਜ਼ਰ ਦੀ ਵਿਕਰੀ ਵਿਚ ਵੀ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ। ਇਹ ਹਾਲਾਤ ਫਲੋਰੀਡਾ, ਮਿਯਾਮੀ, ਨਿਊਯਾਰਕ ਜਿਹੀਆਂ ਥਾਵਾਂ 'ਤੇ ਦੇਖਣ ਨੂੰ ਮਿਲ ਰਹੇ ਹਨ।
ਪਿਛਲੇ ਇਕ ਹਫਤੇ ਦੌਰਾਨ ਹੀ ਸੈਨੇਟਾਈਜ਼ਰ ਦੀ ਮੰਗ ਵਿਚ 1400 ਫੀਸਦੀ ਵਾਧਾ ਦੇਖਿਆ ਗਿਆ ਹੈ। ਨੀਲਸਨ ਦੇ ਸਰਵੇ ਦੇ ਮੁਤਾਬਕ ਫਰਵਰੀ ਦੇ ਆਖਰੀ ਹਫਤੇ ਵਿਚ ਓਟ ਮਿਲਕ ਦੀ ਵਿਕਰੀ ਵਿਚ 305.5 ਫੀਸਦੀ ਦਾ ਵਾਧਾ ਦੇਖਿਆ ਗਿਆ। ਇਸ ਦੇ ਇਲਾਵਾ ਲੋਕ ਪਾਲਤੂ ਜਾਨਵਰਾਂ ਦੇ ਖਾਣੇ ਅਤੇ ਦਵਾਈਆਂ ਦਾ ਵੀ ਸਟਾਕ ਕਰਨ ਵਿਚ ਜੁਟੇ ਹੋਏ ਹਨ। ਭਾਵੇਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਸਰਕਾਰ ਕਈ ਵਾਰ ਕਹਿ ਚੁੱਕੀ ਹੈ ਕਿ ਕੋਰੋਨਾ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੇ ਬਾਵਜੂਦ ਪੂਰੇ ਅਮਰੀਕਾ ਵਿਚ ਲੋਕਾਂ ਦੇ ਅੰਦਰ ਡਰ ਅਤੇ ਭਰਮ ਦਾ ਮਾਹੌਲ ਬਣਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਯੌਨ ਸਬੰਧਾਂ ਲਈ ਉਕਸਾਉਣ ਦਾ ਭਾਰਤੀ ਵਿਦਿਆਰਥੀ ਨੇ ਕਬੂਲਿਆ ਜੁਰਮ, ਹੋ ਸਕਦੀ ਹੈ ਉਮਰਕੈਦ
ਅਮਰੀਕਾ ਦੀਆਂ ਦੁਕਾਨਾਂ ਵਿਚ ਲੋਕਾਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। ਜ਼ਿਆਦਾ ਵਿਕਰੀ ਅਤੇ ਉਸ ਅਨੁਪਾਤ ਵਿਚ ਉਤਪਾਦਨ ਨਾ ਹੋਣ ਕਾਰਨ ਕਈ ਦੁਕਾਨਾਂ ਵਿਚ ਡੱਬਾਬੰਦ ਖਾਣ ਪੀਣ ਦੇ ਸਾਮਾਨਾਂ ਦੀ ਕਮੀ ਹੋ ਗਈ ਹੈ। ਸਾਲ 1963 ਵਿਚ ਇਨਫੈਕਸ਼ਨ ਰੋਗਾਂ ਦਾ ਇਲਾਜ ਕਰਨ ਵਾਲੇ ਮਾਹਰ ਡਾਕਟਰ ਜੇਮਜ਼ ਚੇਰੀ ਨੇ ਕਿਹਾ ਕਿ ਇਸ ਸਮੇਂ ਖਾਣ-ਪੀਣ ਦੇ ਸਾਮਾਨਾਂ ਨੂੰ ਸਟਾਕ ਕਰਨ ਦੀ ਕੋਈ ਲੋੜ ਨਹੀਂ ਹੈ। 1963 ਵਿਚ ਛੂਤ ਦੇ ਰੋਗਾਂ ਦੇ ਮਾਹਰ ਯੂ.ਸੀ.ਐੱਲ.ਏ. ਦੇ ਡਾਕਟਰ ਜੇਮਜ਼ ਚੇਰੀ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਸਾਮਾਨ ਖਰੀਦਣ ਲਈ ਹੁਣ ਕਰਿਆਨੇ ਦੀਆਂ ਦੁਕਾਨਾਂ 'ਤੇ ਜਾਣ ਦਾ ਕੋਈ ਮਤਲਬ ਨਹੀ ਹੈ। ਭਾਵੇਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਕੈਲੀਫੋਰਨੀਆ ਦੇ ਘਰ ਦੇ ਨੇੜੇ ਭੂਚਾਲ ਆਉਣ ਦੀ ਸਥਿਤੀ ਵਿਚ ਉਹਨਾਂ ਕੋਲ ਪਹਿਲਾਂ ਤੋਂ ਹੀ ਭੋਜਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦਾ ਸਟਾਕ ਹੈ। ਉੱਧਰ ਫੈਡਰਲ ਐਮਰਜੈਂਸੀ ਮੈਨੇਜਮੈਟ ਏਜੰਸੀ ਦੇ ਮੁਤਾਬਕ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਘਰਾਂ ਵਿਚ ਖਾਣ-ਪੀਣ ਦਾ ਸਾਮਾਨ ਅਤੇ ਦਵਾਈਆਂ ਦਾ ਸਟਾਕ ਹੋਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਬੰਦ ਕੀਤੇ ਮੱਕਾ ਅਤੇ ਮਦੀਨਾ ਨੂੰ ਸਾਊਦੀ ਨੇ ਮੁੜ ਖੋਲ੍ਹਿਆ