ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਨੂੰ ਬਣਾਇਆ ਜਾਵੇਗਾ ‘ਨਪੁੰਸਕ’

06/12/2019 12:54:21 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਅਲਬਾਮਾ ਰਾਜ ਵਿਚ ਬੱਚਿਆਂ ਨਾਲ ਯੌਨ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ 'ਤੇ ਲਗਾਮ ਲਗਾਉਣ ਲਈ ਨਵਾਂ ਕਾਨੂੰਨ ਬਣਾਇਆ ਗਿਆ ਹੈ। ਇਸ ਕਾਨੂੰਨ ਦੇ ਅੰਤਰਗਤ ਹੁਣ ਰਾਜ ਵਿਚ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਨਪੁੰਸਕ (impotent) ਬਣਾਇਆ ਜਾਵੇਗਾ। ਇਸ ਬਿੱਲ ਮੁਤਾਬਕ ਰਾਜ ਵਿਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਯੌਨ ਸ਼ੋਸ਼ਣ ਦੇ ਦੋਸ਼ੀਆਂ ਨੂੰ ਰਸਾਇਣਿਕ ਦਵਾਈ ਦਾ ਟੀਕਾ ਲਗਾ ਕੇ ਨਪੁੰਸਕ ਬਣਾ ਦਿੱਤਾ ਜਾਵੇਗਾ। 

ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਾਨੂੰਨੀ ਪ੍ਰਬੰਧ ਕਰਨ ਵਾਲਾ ਅਮਰੀਕਾ ਦਾ ਇਹ ਪਹਿਲਾ ਰਾਜ ਹੈ। ਸੋਮਵਾਰ ਨੂੰ ਅਲਬਾਮਾ ਦੇ ਗਵਰਨਰ ਕਾਏ ਇਵੇ ਨੇ 'ਕੈਮੀਕਲ ਕੈਸਟ੍ਰੇਸ਼ਨ' ਬਿੱਲ ਨੂੰ ਹਰੀ ਝੰਡੀ ਦਿੱਤੀ। ਉਨ੍ਹਾਂ ਨੇ ਇਸ ਬਿੱਲ 'ਤੇ ਦਸਤਖਤ ਕਰਦਿਆਂ ਕਿਹਾ ਕਿ ਸਖਤ ਅਪਰਾਧ ਦੀ ਸਜ਼ਾ ਵੀ ਸਖਤ ਹੋਣੀ ਚਾਹੀਦੀ ਹੈ। ਇਸ ਨਾਲ ਅਪਰਾਧੀਆਂ ਦੇ ਮਨ ਵਿਚ ਡਰ ਬੈਠੇਗਾ।'' ਅਮਰੀਕਾ ਦੇ ਕਈ ਹੋਰ ਰਾਜਾਂ ਨੇ ਰਸਾਇਣਿਕ ਦਵਾਈ ਦੇ ਕੇ ਦੋਸ਼ੀਆਂ ਨੂੰ ਨਪੁੰਸਕ ਬਣਾਏ ਜਾਣ ਵਾਲੇ ਕਾਨੂੰਨ 'ਤੇ ਚਿੰਤਾ ਜ਼ਾਹਰ ਕੀਤੀ ਹੈ। ਜਦਕਿ ਕਈ ਸਮੂਹਾਂ ਨੇ ਕਾਨੂੰਨ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਨਵੇਂ ਕਾਨੂੰਨ ਮੁਤਾਬਕ ਦੋਸ਼ੀ ਨੂੰ ਹਿਰਾਸਤ ਵਿਚੋਂ ਰਿਹਾਅ ਕਰਨ ਤੋਂ ਪਹਿਲਾਂ ਜਾਂ ਫਿਰ ਪੈਰੋਲ ਦੇਣ ਦੇ ਇਕ ਮਹੀਨਾ ਪਹਿਲਾਂ ਰਸਾਇਣਿਕ ਦਵਾਈ ਦਾ ਟੀਕਾ ਲਗਾ ਦਿੱਤਾ ਜਾਵੇਗਾ। ਇਹ ਦਵਾਈ ਦੋਸ਼ੀ ਦੇ ਸਰੀਰ ਵਿਚ ਟੇਸਟੋਸਟੇਰੋਨ ਪੈਦਾ ਨਹੀਂ ਹੋਣ ਦੇਵੇਗੀ। ਇਸ ਨਾਲ ਦੋਸ਼ੀ ਪੂਰੀ ਤਰ੍ਹਾਂ ਨਾਲ ਨਪੁੰਸਕ ਹੋ ਜਾਵੇਗਾ। ਇਸ ਪ੍ਰਕਿਰਿਆ ਦੌਰਾਨ ਹੋਇਆ ਖਰਚਾ ਦੋਸ਼ੀ ਵਿਅਕਤੀ ਦੇਵੇਗਾ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਅਤੇ ਦੱਖਣੀ ਕੋਰੀਆ ਵਿਚ ਵੀ ਬੱਚਿਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਵਿਅਕਤੀ ਨੂੰ ਨਪੁੰਸਕ ਬਣਾ ਦਿੱਤਾ ਜਾਂਦਾ ਹੈ। ਦੱਖਣੀ ਕੋਰੀਆ ਵਿਚ 2011 ਅਤੇ ਇੰਡੋਨੇਸ਼ੀਆ ਵਿਚ 2016 ਵਿਚ ਅਜਿਹਾ ਕਾਨੂੰਨ ਲਾਗੂ ਕੀਤਾ ਗਿਆ ਸੀ।


Vandana

Content Editor

Related News