ਅਮਰੀਕਾ ਨੇ ਈਰਾਨ ਦੀਆਂ ਮਦਦਗਾਰ UAE ਤੇ ਹਾਂਗਕਾਂਗ ਦੀਆਂ ਤੇਲ ਕੰਪਨੀਆਂ ’ਤੇ ਲਾਈ ਪਾਬੰਦੀ
Tuesday, Aug 02, 2022 - 05:30 PM (IST)
ਵਾਸ਼ਿੰਗਟਨ : ਅਮਰੀਕਾ ਨੇ ਪੂਰਬੀ ਏਸ਼ੀਆ ’ਚ ਸਪਲਾਈ ਲਈ ਲੱਖਾਂ ਡਾਲਰ ਮੁੱਖ ਦੇ ਈਰਾਨੀ ਤੇਲ ਦੀ ਨਾਜਾਇਜ਼ ਵਿਕਰੀ ਦੇਣ ਦੇ ਦੋਸ਼ ’ਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਥਿਤ ਇਕ ਫਰਮ ਅਤੇ ਕਈ ਏਸ਼ੀਆਈ ਕੰਪਨੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਖ਼ਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਨੇ ਸੋਮਵਾਰ ਨੂੰ ਈਰਾਨੀ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਮਦਦ ਦੇਣ ਲਈ ਯੂ.ਏ.ਈ. ਆਧਾਰਿਤ ‘ਬਲੂ ਕੈਕਟਸ ਹੈਵੀ ਇਕਵਿਪਮੈਂਟ ਐਂਡ ਮਸ਼ੀਨਰੀ ਸਪੇਅਰ ਪਾਰਟਸ ਟਰੇਡਿੰਗ’ ਕੰਪਨੀ ’ਤੇ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ।
ਹਾਂਗਕਾਂਗ ਸਥਿਤ ਫਾਰਵੈਲ ਕੈਨੀਯਨ ਐੱਚ.ਕੇ. ਲਿਮਟਿਡ, ਸ਼ੇਕੁਫੇਈ ਇੰਟਰਨੈਸ਼ਨਲ ਟਰੇਡਿੰਗ ਕੰਪਨੀ ਲਿਮਟਿਡ ਅਤੇ ਪੀ.ਜ਼ੈੱਡ.ਐੱਨ.ਐੱਫ.ਆਰ. ਟਰੇਡਿੰਗ ਲਿਮਟਿਡ ਵੀ ਉਨ੍ਹਾਂ ਕੰਪਨੀਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਈਰਾਨੀ ਤੇਲ ਦੀ ਵਿਕਰੀ ’ਚ ਮਦਦ ਨੂੰ ਲੈ ਕੇ ਅਮਰੀਕੀ ਖਜ਼ਾਨਾ ਵਿਭਾਗ ਵੱਲੋਂ ਪਾਬੰਦੀਆਂ ਲਾਈਆਂ ਗਈਆਂ ਹਨ। ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਸਮਝੌਤੇ ’ਚ ਦੁਬਾਰਾ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਵਿਚਾਲੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਮਈ 2018 ’ਚ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਪ੍ਰਮਾਣੂ ਸਮਝੌਤੇ ਤੋਂ ਹਟਣ ਦਾ ਐਲਾਨ ਕੀਤਾ ਸੀ।