2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਨਹੀਂ ਸੀ ਰੂਸ ਦਾ ਹੱਥ : ਰਿਪੋਰਟ

03/25/2019 10:20:30 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਰਰ ਨੇ ਕਿਹਾ ਕਿ ਵਿਸ਼ੇਸ਼ ਵਕੀਲ ਰੌਬਰਟ ਮੂਲਰ ਨੂੰ ਇਸ ਗੱਲ ਦੇ ਸਬੂਤ ਨਹੀਂ ਮਿਲੇ ਕਿ ਡੋਨਾਲਡ ਟਰੰਪ ਜਾਂ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਨੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਦਖਲ ਅੰਦਾਜ਼ੀ ਕਰਨ ਲਈ ਰੂਸ ਨਾਲ ਮਿਲ ਕੇ ਸਾਜਿਸ਼ ਰਚੀ ਸੀ। ਇਸ ਰਿਪੋਰਟ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੂਰੀ ਤਰ੍ਹਾਂ ਦੋਸ਼ਮੁਕਤ ਹੋਣ ਦਾ ਦਾਅਵਾ ਕੀਤਾ।  ਕਾਂਗਰਸ ਨੂੰ ਐਤਵਾਰ ਨੂੰ ਲਿਖੀ ਚਾਰ ਸਫਿਆਂ ਵਾਲੀ ਚਿੱਠੀ ਵਿਚ ਬਰਰ ਨੇ ਕਿਹਾ,''ਭਾਵੇਂਕਿ ਇਸ ਰਿਪੋਰਟ ਵਿਚ ਇਹ ਨਤੀਜਾ ਨਹੀਂ ਦਿੱਤਾ ਗਿਆ ਹੈ ਕਿ ਰਾਸ਼ਟਰਪਤੀ ਨੇ ਅਪਰਾਧ ਕੀਤਾ, ਇਹ ਰਿਪੋਰਟ ਉਨ੍ਹਾਂ ਨੂੰ ਦੋਸ਼ਮੁਕਤ ਨਹੀਂ ਕਰਦੀ।'' ਇਸ ਚਿੱਠੀ ਨੂੰ ਬਾਅਦ ਵਿਚ ਜਨਤਕ ਕੀਤਾ ਗਿਆ।

ਟਰੰਪ ਦੇ ਕਰੀਬ ਦੋ ਸਾਲ ਦੇ ਕਾਰਜਕਾਲ ਵਿਚ ਇਸ ਮਾਮਲੇ ਦੀ ਜਾਂਚ ਦਾ ਪਰਛਾਵਾਂ ਰਿਹਾ। ਡੈਮੋਕ੍ਰੇਟਿਕ ਨੇਤਾਵਾਂ ਨੇ ਦੋਸ਼ ਲਗਾਇਆ ਕਿ ਰੂਸ ਦੀ ਦਖਲ ਅੰਦਾਜ਼ੀ ਦੀ ਮਦਦ ਨਾਲ ਟਰੰਪ ਨੇ ਸਾਲ 2016 ਦੀਆਂ ਚੋਣਾਂ ਜਿੱਤੀਆਂ। ਬਰਰ ਨੇ ਕਿਹਾ ਕਿ ਮੂਲਰ ਨੂੰ ਟਰੰਪ ਦੀ ਪ੍ਰਚਾਰ ਮੁਹਿੰਮ ਵਿਚ ਮਦਦ ਕਰਨ ਦੀ ਰੂਸ ਨਾਲ ਜੁੜੇ ਕਈ ਲੋਕਾਂ ਦੀ ਪੇਸ਼ਕਸ਼ ਦੇ ਬਾਵਜੂਦ ਇਸ ਤਰ੍ਹਾਂ ਦੀ ਸਾਜਿਸ ਦਾ ਕੋਈ ਸਬੂਤ ਨਹੀਂ ਮਿਲਿਆ। ਅਟਾਰਨੀ ਜਨਰਲ ਨੇ ਕਿਹਾ,''ਵਿਸ਼ੇਸ਼ ਵਕੀਲ ਦੀ ਜਾਂਚ ਵਿਚ ਇਹ ਨਹੀਂ ਪਾਇਆ ਗਿਆ ਕਿ ਟਰੰਪ ਦੀ ਪ੍ਰਚਾਰ ਮੁਹਿੰਮ ਜਾਂ ਉਸ ਨਾਲ ਜੁੜੇ ਕਿਸੇ ਵੀ ਵਿਅਕਤੀ ਨੇ ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਰੂਸ ਦੀ ਕੋਸ਼ਿਸ਼ ਵਿਚ ਉਸ ਨਾਲ ਸਾਜਿਸ਼ ਰਚੀ ਜਾਂ ਮਿਲੀਭਗਤ ਕੀਤੀ।'' 

ਬਰਰ ਨੇ ਸਾਂਸਦਾਂ ਨੂੰ ਦੱਸਿਆ ਕਿ ਮੂਲਰ ਨੇ ਆਪਣੀ ਰਿਪੋਰਟ ਵਿਚ ਇਹ ਨਤੀਜਾ ਨਹੀਂ ਦਿੱਤਾ ਕਿ ਜਾਂਚ ਵਿਚ ਕਿਸ ਤਰ੍ਹਾਂ ਦੀ ਰੁਕਾਵਟ ਆਈ। ਚਿੱਠੀ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਆਂ ਵਿਭਾਗ ਇਸ ਗੱਲ ਨੂੰ ਲੈ ਕੇ ਦ੍ਰਿੜ੍ਹ ਹੈ ਕਿ ਇਸ ਗੱਲ ਦੇ ਲੋੜੀਂਦੇ ਸਬੂਤ ਨਹੀਂ ਹਨ ਕਿ ਟਰੰਪ ਨੇ ਜਾਂਚ ਵਿਚ ਰੁਕਾਵਟ ਪਾਈ। ਚਿੱਠੀ ਵਿਚ ਕਿਹਾ ਗਿਆ ਹੈ,''ਇਨ੍ਹਾਂ ਮੁੱਦਿਆਂ 'ਤੇ ਵਿਸ਼ੇਸ਼ ਵਕੀਲ ਦੀ ਆਖਰੀ ਰਿਪਰੋਟ ਬਾਰੇ ਵੱਖ-ਵੱਖ ਵਿਭਾਗਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਅਤੇ ਫੈਡਰਲ ਵਕੀਲ ਦੇ ਸਿਧਾਂਤਾਂ ਦੇ ਆਧਾਰ 'ਤੇ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਵਿਸ਼ੇਸ਼ ਵਕੀਲ ਦੀ ਜਾਂਚ ਦੌਰਾਨ ਮਿਲੇ ਸਬੂਤ ਇਹ ਸਾਬਤ ਕਰਨ ਲਈ ਲੋੜੀਂਦੇ ਨਹੀਂ ਹਨ ਕਿ ਰਾਸ਼ਟਰਪਤੀ ਨੇ ਨਿਆਂ ਵਿਚ ਰੁਕਾਵਟ ਪਾਉਣ ਦਾ ਅਪਰਾਧ ਕੀਤਾ।'' 

ਡੈਮੋਕ੍ਰੇਟ ਸਾਲ 2020 ਦੀਆਂ ਚੋਣਾਂ ਵਿਚ ਟਰੰਪ ਨੂੰ ਹਰਾਉਣ ਲਈ ਮੂਲਰ ਦੀ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਸਨ। ਰਾਸ਼ਟਰਪਤੀ ਨੇ ਫਲੋਰੀਡਾ ਵਿਚ ਪੱਤਰਕਾਰਾਂ ਨੂੰ ਕਿਹਾ,''ਇਹ ਪੂਰੀ ਤਰ੍ਹਾਂ ਨਾਲ ਦੋਸ਼ਮੁਕਤੀ ਹੈ।'' ਟਰੰਪ ਨੇ ਕਿਹਾ,''ਇਹ ਸ਼ਰਮਨਾਕ ਹੈ ਕਿ ਸਾਡੇ ਦੇਸ਼ ਨੂੰ ਇਸ ਪ੍ਰਕਿਰਿਆ ਵਿਚੋਂ ਲੰਘਣਾ ਪਿਆ। ਈਮਾਨਦਾਰੀ ਨਾਲ ਦੱਸਾਂ ਤਾਂ ਇਹ ਸ਼ਰਮਨਾਕ ਹੈ ਕਿ ਤੁਹਾਡੇ ਰਾਸ਼ਟਰਪਤੀ ਨੂੰ ਇਸ ਸਥਿਤੀ ਵਿਚੋਂ ਲੰਘਣਾ ਪਿਆ।'' ਟਰੰਪ ਰੂਸ ਨਾਲ ਮਿਲੀਭਗਤ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੂੰ ਬਦਕਿਸਮਤੀ ਨਾਲ ਨਿਸ਼ਾਨਾ ਬਣਾਇਆ ਗਿਆ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਰਿਪੋਰਟ ਰਾਸ਼ਟਰਪਤੀ ਦੇ ਰਵੱਈਏ ਨੂੰ ਸਹੀ ਠਹਿਰਾਉਂਦੀ ਹੈ। ਰੀਪਬਲਕਿਨ ਨੈਸ਼ਨਲ ਕਮੇਟੀ ਦੀ ਪ੍ਰਧਾਨ ਰੋਨਾ ਮੈਕਡੇਨੀਅਲ ਨੇ ਕਿਹਾ ਕਿ ਇਹ ਸਾਰੇ ਅਮਰੀਕੀਆਂ ਲਈ ਵੱਡਾ ਦਿਨ ਹੈ।


Vandana

Content Editor

Related News