ਅਮਰੀਕਾ : ਡਿਪ੍ਰੈਸ਼ਨ ''ਚ ਸ਼ਿਕਾਰ ਹੋ ਰਹੇ ਵਿਦਿਆਰਥੀਆਂ ਦੀ ਗਿਣਤੀ ''ਚ ਹੋ ਰਿਹੈ ਵਾਧਾ

Wednesday, Mar 28, 2018 - 02:13 AM (IST)

ਨਿਊ ਯਾਰਕ—ਅਮਰੀਕੀ ਵਿਦਿਆਰਥੀ ਲਗਾਤਾਰ ਡਿਪ੍ਰੈਸ਼ਨ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਪੜ੍ਹਾਈ ਦਾ ਬੋਝ ਮਨਿਆ ਜਾ ਰਿਹੈ। ਸੈਂਟਰ ਫਾਰ ਕਾਲਜੀਏਟ ਮੈਂਟਲ ਹੈਲਥ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਕ 2009 ਤੋਂ 2015 ਦਰਮਿਆਨ ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਵਿਦਿਆਰਥੀਆਂ ਦੀ ਗਿਣਤੀ 30 ਫੀਸਦੀ ਤਕ ਵਧ ਗਈ। ਯੂਨੀਵਰਸਿਟੀ ਆਫ ਰਿਚਮੰਡ 'ਚ ਸਰਜਰੀ ਦਾ ਕੋਰਸ ਕਰ ਰਹੀ ਨੈਲੀ ਸਪਿਗਨਰ ਨੇ ਨਿਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਕਲਾਸਾਂ ਸ਼ੁਰੂ ਹੁੰਦਿਆਂ ਹੀ ਉਸ ਦੀ ਜ਼ਿੰਦਗੀ ਪ੍ਰੈਸ਼ਰ ਕੁੱਕਰ ਵਰਗੀ ਹੋ ਜਾਂਦੀ ਹੈ।

 

ਪੜ੍ਹਾਈ ਦਾ ਬਹੁਤ ਜ਼ਿਆਦਾ ਦਬਾਅ ਰਹਿੰਦਾ ਹੈ। ਨੈਲੀ ਨੇ ਸ਼ੁਰੂਆਤ 'ਚ ਯੂਨੀਵਰਸਿਟੀ ਦੇ ਕੌਂਸਲਿੰਗ ਸੈਂਟਰ 'ਚ ਜਾਣ ਤੋਂ ਝਿਜਕ ਮਹਿਸੂਸ ਕੀਤੀ ਕਿਉਂਕਿ ਇਹ ਸਾਇਕਾਲੋਜੀ ਵਿਭਾਗ ਦੀ ਇਮਾਰਤ 'ਚ ਬਣਾਇਆ ਗਿਆ ਹੈਲਥ ਸੈਂਟਰ ਹੈ ਅਤੇ ਕੋਈ ਨਹੀਂ ਚਾਹੁੰਦਾ ਕਿ ਉੱਥੇ ਜਾਂਦਿਆਂ ਤੁਹਾਨੂੰ ਕੋਈ ਵੇਖੇ। ਪਰ ਨੈਲੀ ਨੇ ਮਹਿਸੂਸ ਕੀਤਾ ਕਿ ਉਸ ਦੇ ਸੁਭਾਅ 'ਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ। ਕਦੇ ਐਨਾ ਰੋਣਾ ਆਉਂਦਾ ਕਿ ਰੁਕਦਾ ਹੀ ਨਹੀਂ ਸੀ ਅਤੇ ਕਦੇ ਵੀ ਕਮਰੇ ਤੋਂ ਬਾਹਰ ਨਿਕਲਣ ਦੀ ਇੱਛਾ ਨਹੀਂ ਹੁੰਦੀ ਸੀ। ਕਈ ਵਾਰ ਕਲਾਸਾਂ ਛੱਡ ਦਿੰਦੀ, ਭੁੱਖ ਨਾ ਲਗਦੀ, ਦੋਸਤਾਂ ਨੂੰ ਨਾ ਮਿਲਦੀ ਅਤੇ ਪ੍ਰੋਫੈਸਰ ਤੋਂ ਪੜ੍ਹਾਈ ਨਾਲ ਸਬੰਧਤ ਚੀਜ਼ਾ ਪੁੱਛਣ 'ਚ ਵੀ ਝਿਜਕਣ ਲੱਗੀ। ਜਦੋਂ ਕੈਂਪਸ 'ਚ ਹੀ ਉਸ ਨੇ ਇਕ ਮਨੋਰੋਗ ਮਾਹਲ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉਹ ਬਾਇਪੋਲਰ ਡਿਸਆਰਡਰ ਨਾਲ ਪੀੜਤ ਹੈ। ਨੈਲੀ ਦੀ ਮਾਨਸਿਕ ਬਿਮਾਰੀ ਦੇ ਲੱਛਣ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਹੌਲੀ-ਹੌਲੀ ਉਸ ਨੇ ਪੜ੍ਹਾਈ ਹੀ ਛੱਡ ਦਿੱਤੀ ਅਤੇ ਲੰਮੀ ਛੁੱਟੀ ਲੈ ਲਈ। ਉਹ ਹਾਰੀ ਹੋਈ ਮਹਿਸੂਸ ਕਰ ਰਹੀ ਸੀ।

 

ਇਹ ਸਿਰਫ ਨੈਲੀ ਦਾ ਮਾਮਲਾ ਨਹੀਂ। ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਦੀ ਹਾਲਤ ਬਿਲਕੁਲ ਇਹੋ-ਜਿਹੀ ਹੈ ਜਿਨ੍ਹਾਂ ਨੂੰ ਮਾਨਸਿਕ ਇਲਾਜ ਦੀ ਸਖਤ ਜ਼ਰੂਰਤ ਹੈ। ਕਾਲਜੀਏਟ ਸੈਂਟਰ ਦੀ ਰਿਪੋਰਟ ਮੁਤਾਬਕ ਕਈ ਵਿਦਿਆਰਥੀ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕਰ ਚੁੱਕੇ ਹਨ। ਦੂਜੇ ਪਾਸੇ ਅਮਰੀਕੀ ਕਾਲਜਾਂ ਦੀ ਹੈਲਥ ਐਸੋਸੀਏਸ਼ਨ ਨੇ ਇਕ ਸਰਵੇਖਣ ਦੇ ਆਧਾਰ 'ਤੇ ਦੱਸਿਆ ਕਿ 2017 ਦੇ ਸ਼ੁਰੂ 'ਚ 40 ਫੀਸਦੀ ਵਿਦਿਆਰਥੀਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਦਬਾਅ ਦੀ ਸ਼ਿਕਾਇਤ ਕੀਤੀ ਜਦਕਿ 61 ਫੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਬੇਚੈਨੀ ਮਹਿਸੂਸ ਕਰ ਰਹੇ ਹਨ। ਕੁਲ 92 ਕਾਲਜਾਂ ਦੇ 63 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਇਹ ਹੈਰਾਨਕੁੰਨ ਪ੍ਰਗਟਾਵੇ ਕੀਤੇ। ਦਰਅਸਲ ਮਾਰਚ ਆਉਂਦੇ ਹੀ ਵਿਦਿਆਰਥੀਆਂ 'ਤੇ ਪੜ੍ਹਾਈ ਦਾ ਬੋਝ ਵਧ ਜਾਂਦਾ ਹੈ ਅਤੇ ਅਜਿਹੇ 'ਚ ਕਾਊਂਸਲਿੰਗ ਸੈਂਟਰ ਜਾਣ ਦਾ ਸਮਾਂ ਵੀਂ ਨਹੀਂ ਮਿਲਦਾ।

 

ਵਿਦਿਆਰਥੀਆਂ ਨੂੰ ਕਾਲਜ ਦੀ ਪੜ੍ਹਾਈ ਛੱਡਣ ਤੋਂ ਰੋਕਣ ਲਈ ਕਾਲਜਾਂ 'ਚ ਹੀ ਹੈਲਥ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਪਹਿਲੀ ਵਾਰ ਯੂਨੀਵਰਸਿਟੀ ਆਫ ਕੈਲੇਫੋਰਨੀਆ, ਲਾਸ ਏਂਜਲਸ ਵੱਲੋਂ ਵਿਦਿਆਰਥੀਆਂ ਨੂੰ ਡਿਪ੍ਰੈਸ਼ਨ ਦੀ ਮੁਫਤ ਆਨਲਾਈਨ ਸਕ੍ਰੀਨਿੰਗ ਦੀ ਪੇਸ਼ਕਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਵਰਜੀਨੀਆ ਟੈਕ ਯੂਨੀਵਰਸਿਟੀ ਨੇ ਵਿਦਿਆਰਥੀਆਂ ਦਰਮਿਆਨ ਪਹੁੰਚ ਸਥਾਪਤ ਕਰਨ ਲਈ ਕਈ ਸੈਟੇਲਾਈਟ ਕਾਊਂਸਲਿੰਗ ਕਲੀਨਿਕ ਸ਼ੁਰੂ ਕੀਤੇ ਹਨ। ਓਹਾਇਉ ਸਟੇਟ ਯੂਨੀਵਰਸਿਟੀ ਨੇ ਦਰਜਨਾਂ ਮੈਂਟਲ ਹੈਲਥ ਮਾਹਰਾਂ ਦੀਆਂ ਸੇਵਾਵਾਂ ਲਈ ਹਨ ਅਤੇ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਨੇ ਇਨ੍ਹਾਂ ਕਾਰਜਾਂ ਲਈ 7 ਲੱਖ ਡਾਲਰ ਦੇ ਫੰਡ ਰੱਖੇ ਹਨ।


Related News