ਮ੍ਰਿਤਕ ਐਲਾਨਣ ਦੇ 20 ਮਿੰਟ ਬਾਅਦ ਨੌਜਵਾਨ ਆਇਆ ਹੋਸ਼ ''ਚ, ਡਾਕਟਰ ਹੋਏ ਹੈਰਾਨ

06/26/2019 3:37:50 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਮਿਸ਼ੀਗਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 20 ਸਾਲਾ ਨੌਜਵਾਨ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨਿਆ ਸੀ, ਮਰਨ ਦੇ 20 ਮਿੰਟ ਬਾਅਦ ਦੁਬਾਰਾ ਜ਼ਿੰਦਾ ਹੋ ਗਿਆ। ਅਸਲ ਵਿਚ ਲਿਵੋਨੀਆ ਦਾ ਰਹਿਣ ਵਾਲਾ ਇਹ ਨੌਜਵਾਨ ਜਦੋਂ ਧਾਤ ਦੀ ਪੌੜੀ ਲੈ ਕੇ ਜਾ ਰਿਹਾ ਸੀ ਉਦੋਂ ਪੌੜੀ ਨੰਗੀ ਤਾਰ ਨਾਲ ਟਕਰਾ ਗਈ। ਕਰੰਟ ਲੱਗਣ ਨਾਲ ਮਾਈਕਲ ਪਰੂਟ ਦੀ ਮੌਤ ਹੋ ਗਈ। ਉਸ ਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ ਪਰ ਕਰੀਬ 20 ਮਿੰਟ ਬਾਅਦ ਚਮਤਕਾਰੀ ਢੰਗ ਨਾਲ ਉਹ ਦੁਬਾਰਾ ਜ਼ਿੰਦਾ ਹੋ ਗਿਆ। 

ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਮਾਈਕਲ ਦੇ ਦਿਮਾਗ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। 30 ਅਪ੍ਰੈਲ ਨੂੰ ਮਾਈਕਲ ਘਰ ਦੇ ਕੰਮ ਵਿਚ ਆਪਣੇ ਮਤਰੇਏ ਪਿਤਾ ਦੀ ਮਦਦ ਕਰ ਰਿਹਾ ਸੀ। ਉਦੋਂ ਕਰੰਟ ਲੱਗਣ ਕਾਰਨ ਉਸ ਦੇ ਦਿਲ ਦੀ ਧੜਕਣ ਰੁੱਕ ਗਈ। ਇਸ ਦੌਰਾਨ ਉਸ ਨੂੰ ਨਾ ਤਾਂ ਦਰਦ ਮਹਿਸੂਸ ਹੋਇਆ ਅਤੇ ਨਾ ਹੀ ਇਹ ਯਾਦ ਹੈ ਕਿ ਉਹ ਕਰੰਟ ਲੱਗਣ ਦੇ ਬਾਅਦ ਜ਼ਮੀਨ 'ਤੇ ਡਿੱਗ ਪਿਆ ਸੀ। ਮਾਈਕਲ ਨੂੰ ਸਿਰਫ ਇੰਨਾ ਯਾਦ ਹੈ ਕਿ ਉਹ ਤੁਰ ਰਿਹਾ ਸੀ ਅਤੇ ਬਾਅਦ ਵਿਚ ਉਸ ਨੇ ਖੁਦ ਨੂੰ ਬਿਊਮੋਂਟ ਹਸਪਤਾਲ ਵਿਚ ਬਿਸਤਰ 'ਤੇ ਪਾਇਆ। ਉਸ ਸਮੇਂ ਡਾਕਟਰ ਚਾਰੇ ਪਾਸੀਂ ਉਸ ਨੂੰ ਘੇਰੇ ਹੋਏ ਸੀ।

PunjabKesari

ਜਦੋਂ ਮਾਈਕਲ ਨੂੰ ਦੁਬਾਰਾ ਹੋਸ਼ ਆਇਆ ਤਾਂ ਉਹ ਖੁਦ ਨੂੰ ਹਲਕ ਵਾਂਗ ਮਹਿਸੂਸ ਕਰ ਰਿਹਾ ਸੀ। ਉਹ ਬੈੱਡ ਦੀ ਰੈਲਿੰਗ ਫੜੀ ਪੂਰੀ ਤਾਕਤ ਨਾਲ ਉਸ ਨੂੰ ਹਿਲਾ ਰਿਹਾ ਸੀ। ਉਸ ਦੀ ਦੇਖਭਾਲ ਕਰਨ ਵਾਲੀ ਟੀਮ ਉਸ ਨੂੰ ਫੜੇ ਹੋਏ ਸੀ। ਮਾਈਕਲ ਦੇ ਜ਼ਮੀਨ 'ਤੇ ਡਿੱਗਣ ਦੇ ਬਾਅਦ ਪੈਰਾ ਮੈਡੀਕਲ ਅਧਿਕਾਰੀਆਂ ਨੂੰ ਉਸ ਕੋਲ ਪਹੁੰਚਣ ਲਈ 4 ਮਿੰਟ ਦਾ ਸਮਾਂ ਲੱਗਾ। ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੂੰ ਮਾਈਕਲ ਦੇ ਬਚਣ ਦੀ ਸੰਭਾਵਨਾ ਘੱਟ ਹੀ ਲੱਗ ਰਹੀ ਸੀ। ਉਸ ਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ। ਹਸਪਤਾਲ ਵਿਚ ਡਿਫੀਬ੍ਰਿਲੇਟਰ ਦੇ ਨਾਲ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਦਿਲ ਦੁਬਾਰਾ ਨਹੀਂ ਧੜਕ ਰਿਹਾ ਸੀ। ਅਖੀਰ ਵਿਚ ਕਰੀਬ 20 ਮਿੰਟ ਬਾਅਦ ਮਾਈਕਲ ਨੂੰ ਦੁਬਾਰਾ ਹੋਸ਼ ਆਇਆ। 

ਉਸ ਨੂੰ ਪੈਰ ਦੇ ਅੰਗੂਠੇ ਵਿਚ ਕੁਝ ਮਹਿਸੂਸ ਨਹੀਂ ਸੀ ਹੋ ਰਿਹਾ, ਜਿੱਥੇ ਕਰੰਟ ਲੱਗਾ ਸੀ। ਪਰ ਦਿਲ ਦਾ ਧੜਕਣਾ ਬੰਦ ਹੋਣ ਤੱਕ ਦਿਮਾਗ ਤੱਕ ਕਰੀਬ 20 ਮਿੰਟ ਤੱਕ ਖੂਨ ਅਤੇ ਆਕਸੀਜਨ ਨਾ ਪਹੁੰਚਣ ਦੇ ਬਾਵਜੂਦ ਉਸ ਦਾ ਦਿਮਾਗ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਸੀ। ਬਿਊਮੋਂਟ ਵਿਚ ਟ੍ਰਾਮਾ ਸਰਵਿਸ ਦੀ ਨਿਦੇਸ਼ਕ ਬਾਰਬਰਾ ਸਮਿਥ ਨੇ ਕਿਹਾ,''ਜੇਕਰ ਆਕਸੀਜਨ ਦਿਮਾਗ ਤੱਕ ਨਹੀਂ ਪਹੁੰਚਦੀ ਹੈ ਤਾਂ 5 ਮਿੰਟ ਤੋਂ ਵੀ ਘੱਟ ਸਮੇਂ ਵਿਚ ਦਿਮਾਗ ਦੇ ਸੈੱਲ ਮਰਨਾ ਸ਼ੁਰੂ ਕਰ ਦਿੰਦੇ ਹਨ। ਇਸ ਮਾਮਲੇ ਵਿਚ ਮਾਈਕਲ ਨੂੰ ਦੁਬਾਰਾ ਜ਼ਿੰਦਗੀ ਮਿਲਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ।''


Vandana

Content Editor

Related News