ਅਮਰੀਕਾ ''ਚ ਭਾਰਤੀ ਭਾਈਚਾਰੇ ਨੇ ਪੁਲਵਾਮਾ ਹਮਲੇ ''ਤੇ ਪ੍ਰਗਟ ਕੀਤਾ ਸੋਗ

Tuesday, Feb 19, 2019 - 02:50 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਭਾਰਤੀ ਮੂਲ ਦੇ ਸੈਂਕੜੇ ਲੋਕਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਭਾਰਤੀ ਭਾਈਚਾਰੇ ਦੇ ਸੈਂਕੜੇ ਲੋਕ ਅੱਤਵਾਦੀ ਹਮਲੇ 'ਤੇ ਸੋਗ ਅਤੇ ਨਾਰਾਜ਼ਗੀ ਪ੍ਰਗਟ ਕਰਨ ਲਈ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਇਕੱਠੇ ਹੋਏ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਗਏ ਇਸ ਆਤਮਘਾਤੀ ਹਮਲੇ ਵਿਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਨੇ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਵਧਾ ਦਿੱਤਾ ਹੈ। ਦੋਹਾਂ ਦੇਸ਼ਾਂ ਨੇ ਆਪਣੇ-ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ।

ਆਪਣੇ ਗੁੱਸੇ ਨੂੰ ਜ਼ਾਹਰ ਕਰਨ ਲਈ ਸੈਂਕੜੇ ਭਾਰਤੀ-ਅਮਰੀਕੀ ਸ਼ਿਕਾਗੋ ਦੀ ਬਾਹਰੀ ਸਰਹੱਦ 'ਤੇ ਬਣੇ 9/11 ਸਮਾਰਕ ਨੇੜੇ ਐਤਵਾਰ ਨੂੰ ਇਕੱਠੇ ਹੋਏ ਅਤੇ ਸਾਰੇ ਦੇਸ਼ਾਂ ਨੂੰ ਅਜਿਹੇ ਖਤਰਨਾਕ ਅਪਰਾਧਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਭਾਰਤ ਅਤੇ ਅਮਰੀਕਾ ਦੀ ਲੜਾਈ ਵਿਚ ਨਾਲ ਖੜ੍ਹੇ ਰਹਿਣ ਦੀ ਅਪੀਲ ਕੀਤੀ। ਇਸ ਮੌਕੇ 'ਤੇ ਪੜ੍ਹੇ ਗਏ ਇਕ ਸਾਂਝੇ ਬਿਆਨ ਵਿਚ ਪਾਕਿਸਤਾਨ ਨੂੰ ਕਿਹਾ ਗਿਆ ਕਿ ਉਹ ਆਪਣੀ ਜ਼ਮੀਨ ਤੋਂ ਸੰਚਾਲਿਤ ਹੋ ਰਹੇ ਸਾਰੇ ਅੱਤਵਾਦੀ ਸਮੂਹਾਂ ਨੂੰ ਸਹਿਯੋਗ ਕਰਨਾ ਤੁਰੰਤ ਬੰਦ ਕਰੇ। 

ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ,''ਉਹ ਭਾਰਤੀ ਸੁਰੱਖਿਆ ਕਰਮਚਾਰੀਆਂ ਦੀ ਸ਼ਹੀਦੀ 'ਤੇ ਸੋਗ ਪ੍ਰਗਟ ਕਰਦੇ ਹਨ। ਇਹ ਅੱਤਵਾਦ ਅਤੇ ਬੁਜਦਿਲੀ ਵਾਲਾ ਕੰਮ ਹੈ। ਸਾਨੂੰ ਅੱਤਵਾਦ ਅਤੇ ਬੁਰਾਈ ਦੇ ਸਾਹਮਣੇ ਦ੍ਰਿੜ੍ਹ ਰਹਿਣਾ ਹੋਵੇਗਾ।'' ਉਨ੍ਹਾਂ ਨੇ ਕਿਹਾ,''ਅੱਤਵਾਦ ਦਾ ਖਤਰਾ ਭਾਰਤੀ, ਅਮਰੀਕੀ ਜਾਂ ਦੁਨੀਆ ਦੇ ਲੋਕਾਂ ਦੀ ਇੱਛਾ ਸ਼ਕਤੀ ਤੋਂ ਜ਼ਿਆਦਾ ਵੱਡਾ ਨਹੀਂ ਹੈ। ਸਾਡੀ ਇੱਛਾ ਸ਼ਕਤੀ ਜ਼ਿਆਦਾ ਮਜਬੂਤ ਹੈ। ਅਸੀਂ ਦ੍ਰਿੜ੍ਹਤਾ ਨਾਲ ਅੱਤਵਾਦ ਦਾ ਸਾਹਮਣਾ ਕਰਾਂਗੇ। ਅਸੀਂ ਅੱਤਵਾਦ ਦੇ ਸਪਾਂਸਰਾਂ ਨਾਲ ਦ੍ਰਿੜ੍ਹਤਾ ਨਾਲ ਨਜਿੱਠਾਂਗੇ। ਮਹਾਤਾਮਾ ਗਾਂਧੀ ਦੀ 150ਵੀਂ ਜੰਯਤੀ ਦੇ ਇਸ ਸਾਲ ਵਿਚ ਅਸੀਂ ਗੈਰ ਹਿੰਸਕ, ਸ਼ਾਂਤਮਈ ਬਣੇ ਰਹਾਂਗੇ ਅਤੇ ਉਨ੍ਹਾਂ ਲੋਕਾਂ ਨੂੰ ਗਲੇ ਲਗਾਉਣ ਲਈ ਹਮੇਸ਼ਾ ਤਿਆਰ ਰਹਾਂਗੇ ਜੋ ਸ਼ਾਂਤੀਪੂਰਨ ਤਰੀਕੇ ਨਾਲ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹਨ।'' 

ਕ੍ਰਿਸ਼ਨਾਮੂਰਤੀ ਨੇ ਕਿਹਾ,''ਅਸੀਂ ਆਪਣਾ ਬਚਾਅ ਕਰਾਂਗੇ ਪਰ ਆਪਣਾ ਚਰਿੱਤਰ ਨਹੀਂ ਬਦਲਾਂਗੇ।'' ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਵਾਸ਼ਿੰਗਟਨ ਡੀ.ਸੀ. , ਨਿਊਯਾਰਕ, ਨਿਊ ਜਰਸੀ, ਸਿਲੀਕਾਨ ਵੈਲੀ, ਲਾਸ ਏਂਜਲਸ, ਡੈਟ੍ਰਾਈਟ, ਹਿਊਸਟਨ ਅਤੇ ਫੀਨਿਕਸ ਵਿਚ ਵੀ ਕੀਤਾ ਗਿਆ।


Vandana

Content Editor

Related News