ਅਜੀਬ ਮਾਮਲਾ! ਜੋੜੇ ਨੇ ਬੱਚੇ ਦੇ ਫਰਜ਼ੀ ਜਨਮ ਤੇ ਮੌਤ ਬਾਰੇ ਦੱਸ ਕੇ ਲਿਆ ਦਾਨ
Tuesday, Aug 20, 2019 - 11:54 AM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਪੜ੍ਹ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਇੱਥੇ ਪੈੱਨਸਿਲਵੇਨੀਆ ਦੇ ਇਕ ਜੋੜੇ ਨੇ ਕਥਿਤ ਤੌਰ 'ਤੇ ਆਪਣੇ ਨਵਜੰਮੇ ਬੱਚੇ ਦੀ ਮੌਤ ਦੇ ਬਾਅਦ ਦਾਨ ਮੰਗਣ ਵਾਲਾ ਗੋਫੰਡਮੀ ਪੇਜ ਬਣਾ ਕੇ ਧਨ ਇਕੱਠਾ ਕੀਤਾ। ਖੁਲਾਸਾ ਹੋਇਆ ਹੈ ਕਿ ਜਿਸ ਬੱਚੇ ਦੇ ਜਨਮ 'ਤੇ ਇਸ ਜੋੜੇ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਤੋਹਫੇ ਇਕੱਠੇ ਕੀਤੇ ਅਤੇ ਉਸ ਦੀ ਮੌਤ 'ਤੇ ਲੋਕਾਂ ਤੋਂ ਦਾਨ ਮੰਗਿਆ ਉਹ ਅਸਲ ਵਿਚ ਕਦੇ ਪੈਦਾ ਹੀ ਨਹੀਂ ਹੋਇਆ ਸੀ।
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਫ੍ਰਾਈਡੇਨਸ ਦੀ ਜੇਫਰੀ (Geoffrey) ਅਤੇ ਕਾਈਸੇ ਲੈਂਗ (Kaycee Lang) ਦੇ ਘਰ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਇਕ ਗੁੱਡੀ ਮਿਲੀ ਜੋ ਨਵਜੰਮੇ ਬੱਚੇ ਵਰਗੀ ਹੀ ਸੀ। ਇਸ ਜੋੜੇ ਦੀ ਦੋਸਤ ਸਿੰਧਿਆ ਡਿਲਾਸਿਓ ਨੇ ਦੱਸਿਆ,''ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਉਦੇਸ਼ ਕੀ ਸੀ। ਕੀ ਉਹ ਆਪਣੇ ਪਰਿਵਾਰ ਅਤੇ ਸਾਰੇ ਲੋਕਾਂ ਨੂੰ ਦੁੱਖ ਪਹੁੰਚਾਉਣਾ ਚਾਹੁੰਦੇ ਸੀ? ਇਹ ਪਾਗਲਪਨ ਹੈ।'' ਉਸ ਨੇ ਮਈ ਵਿਚ ਜੋੜੇ ਲਈ ਇਕ ਬੇਬੀ ਸ਼ਾਵਰ ਦਾ ਆਯੋਜਨ ਕੀਤਾ ਅਤੇ ਉਸੇ ਨੇ ਬਾਅਦ ਵਿਚ ਪੁਲਸ ਨੂੰ ਸੂਚਨਾ ਦਿੱਤੀ।
ਜੋੜੇ ਦੀਆਂ ਤਸਵੀਰਾਂ ਵਿਚ ਉਨ੍ਹਾਂ ਨੂੰ ਬੇਬੀ ਸ਼ਾਵਰ ਵਿਚ ਮਿਲੇ ਤੋਹਫਿਆਂ ਨੂੰ ਖੋਲ੍ਹਦੇ ਦਿਖਾਇਆ ਗਿਆ ਪਰ ਡਿਲਾਸਿਓ ਨੇ ਕਿਹਾ ਕਿ 23 ਸਾਲਾ ਕਾਈਸੇ ਗਰਭਧਾਰਨ ਦੇ 7ਵੇਂ ਮਹੀਨੇ ਬਾਅਦ ਗਾਇਬ ਹੋ ਗਈ। ਉਸ ਨੇ ਦਾਅਵਾ ਕੀਤਾ ਕਿ ਉਹ ਬੈੱਡ ਰੈਸਟ ਕਰ ਰਹੀ ਸੀ। ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਜੋੜੇ ਨੇ ਦਾਅਵਾ ਕੀਤਾ ਕਿ 3 ਜੁਲਾਈ ਨੂੰ ਜੌਨਸਨਟਾਊਨ ਵਿਚ ਕੌਨਮੌਫ ਹੈਲਥ ਸਿਸਟਮ ਵਿਚ ਜਨਮ ਲੈਣ ਦੇ ਕੁਝ ਸਮੇਂ ਬਾਅਦ ਹੀ ਬੇਬੀ ਈਸਟਨ ਦੀ ਮੌਤ ਸਾਹ ਪਰੇਸ਼ਾਨੀ ਸਿੰਡਰੋਮ (Respiratory Distress Syndorme) ਕਾਰਨ ਹੋ ਗਈ। ਫਿਰ ਵੀ ਪੁਲਸ ਨੇ ਉਸ ਕੋਰੋਨਰ ਦੇ ਦਫਤਰ ਵਿਚ ਮਾਂ ਜਾਂ ਬੱਚੇ ਦੇ ਬਾਰੇ ਵਿਚ ਕੋਈ ਰਿਕਾਰਡ ਨਹੀਂ ਮਿਲਿਆ।
ਡਿਲਾਸਿਓ ਨੇ ਇਹ ਵੀ ਦੱਸਿਆ ਕਿ ਉਸ ਨੇ ਸੰਸਕਾਰ ਘਰ ਵਿਚ ਵੀ ਫੋਨ ਕੀਤਾ, ਜਿੱਥੇ ਜੋੜੇ ਨੇ ਬੱਚੇ ਦਾ ਅੰਤਿਮ ਸੰਸਕਾਰ ਕਰਨ ਦਾ ਦਾਅਵਾ ਕੀਤਾ ਸੀ ਪਰ ਉੱਥੇ ਦੱਸਿਆ ਗਿਆ ਕਿ ਇਸ ਪਰਿਵਾਰ ਦੇ ਨਾਮ ਦਾ ਉੱਥੇ ਕੋਈ ਰਿਕਾਰਡ ਨਹੀਂ ਸੀ। ਡਿਲਾਸਿਓ ਨੇ ਕਿਹਾ ਕਿ ਮੈਂ ਉੱਥੇ ਨਹੀਂ ਜਾ ਸਕੀ ਸੀ। ਮੈਂ ਜਾਣਦੀ ਹਾਂ ਕਿ ਇਹ ਸਭ ਫਰਜ਼ੀ ਸੀ। ਲੈਂਗ ਨਾਲ ਸਬੰਧਤ ਇਕ ਫੇਸਬੁੱਕ ਪ੍ਰੋਫਾਈਲ 'ਤੇ 7 ਜੁਲਾਈ ਨੂੰ ਈਸਟਨ ਲਈ ਗੋਫੰਡਮੀ ਪੇਜ 'ਤੇ ਇਕ ਲਿੰਕ ਪੋਸਟ ਕੀਤਾ ਗਿਆ ਸੀ, ਜਿੱਥੇ 15 ਲੋਕਾਂ ਨੇ ਬੱਚੇ ਦੀ ਬੀਮਾਰੀ ਦੇ ਬਾਰੇ ਪੜ੍ਹ ਕੇ 550 ਡਾਲਰ ਦਾ ਦਾਨ ਦਿੱਤਾ ਸੀ। ਹੁਣ ਇਸ ਧੋਖਾਧੜੀ ਦਾ ਖੁਲਾਸਾ ਹੋਣ ਦੇ ਬਾਅਦ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਅਕਤੂਬਰ ਵਿਚ ਹੋਵੇਗੀ।