ਅਮਰੀਕਾ ਨੂੰ ‘ਜੰਗੀ ਟੀਮ’ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ’ਚ ਬ੍ਰਿਟੇਨ : ਰੂਸ
Monday, Nov 10, 2025 - 09:50 AM (IST)
ਮਾਸਕੋ- ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਯੂਕ੍ਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਲਈ ਜ਼ੈਲੇਂਸਕੀ ਅਤੇ ਨਾਟੋ ਸਹਿਯੋਗੀਆਂ ਨੂੰ ਮਨਾਉਣ ’ਚ ਅਮਰੀਕਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਵਰੋਵ ਦੀ ਇਹ ਟਿੱਪਣੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸਿਖਰ ਵਾਰਤਾ ਦੀਆਂ ਅਸਫਲ ਕੋਸ਼ਿਸ਼ਾਂ ਦੇ ਕੁਝ ਹਫ਼ਤਿਆਂ ਬਾਅਦ ਆਈ ਹੈ।
ਦੋਵੇਂ ਨੇਤਾਵਾਂ ਵਿਚਕਾਰ ਅਲਾਸਕਾ ਦੇ ਐਂਕਰੇਜ ’ਚ ਵਾਰਤਾ ’ਚ ਰੂਸ-ਯੂਕ੍ਰੇਨ ਸੰਘਰਸ਼ ਨੂੰ ਖਤਮ ਕਰਨ ਲਈ ਕੋਈ ਸਹਿਮਤੀ ਨਹੀਂ ਬਣੀ ਸੀ। ਲਾਵਰੋਵ ਨੇ ਕਿਹਾ ਕਿ ਅਮਰੀਕਾ ਨੇ ਉਸ ਸਮੇਂ (ਅਲਾਸਕਾ ਸਿਖਰ ਸੰਮੇਲਨ) ’ਚ ਸਾਨੂੰ ਭਰੋਸਾ ਦਿੱਤਾ ਸੀ ਕਿ ਉਹ ਇਹ ਯਕੀਨੀ ਕਰਨਗੇ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਸ਼ਾਂਤੀ ਦੀਆਂ ਕੋਸ਼ਿਸ਼ਾਂ ’ਚ ਰੁਕਾਵਟ ਨਹੀਂ ਪਾਉਣਗੇ। ਜ਼ਾਹਿਰ ਹੈ ਕਿ ਇਸ ਮੁੱਦੇ ’ਤੇ ਕੁਝ ਮੁਸ਼ਕਿਲਾਂ ਪੈਦਾ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਨਾਟੋ ਅਤੇ ਬ੍ਰਿਟੇਨ ਅਮਰੀਕਾ ਨੂੰ ਇਸ ਗੱਲ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਰਾਜਨੀਤਿਕ ਅਤੇ ਕੂਟਨੀਤਿਕ ਤਰੀਕਿਆਂ ਨਾਲ ਸੰਕਟ ਨੂੰ ਹੱਲ ਕਰਨ ਦੇ ਆਪਣੇ ਇਰਾਦੇ ਨੂੰ ਛੱਡ ਦੇਣ ਅਤੇ ਰੂਸ ’ਤੇ ਫੌਜੀ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ’ਚ ਪੂਰੀ ਤਰ੍ਹਾਂ ਸ਼ਾਮਲ ਹੋ ਜਾਣ, ਮਤਲਬ ਉਹ ‘ਜੰਗੀ ਟੀਮ’ ਦਾ ਹਿੱਸਾ ਬਣ ਜਾਣ। ਲਾਵਰੋਵ ਨੇ ਇਹ ਵੀ ਕਿਹਾ ਕਿ ਐਂਕਰੇਜ ’ਚ ਸਿਖਰ ਸੰਮੇਲਨ ’ਚ ਹੋਏ ਸਮਝੌਤੇ ਦੇ ਬਾਵਜੂਦ ਮਾਸਕੋ ਆਪਣੇ ਮੂਲ ਸਿਧਾਂਤਾਂ ’ਤੇ ਅਡਿੱਗ ਹੈ। ਰੂਸ ਦੀ ਖੇਤਰੀ ਅਖੰਡਤਾ ਅਤੇ ਕ੍ਰਿਮੀਆ, ਡੋਨਬਾਸ ਅਤੇ ਨੋਵੋਰਸੀਆ ਦੇ ਨਿਵਾਸੀਆਂ ਦੀ ਪਸੰਦ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
