ਬਗਦਾਦੀ ਨੂੰ ਮਾਰਨ ''ਚ ਇਸ ਸ਼ਖਸ ਨੇ ਕੀਤੀ ਮਦਦ, ਮਿਲੇਗਾ ਇਨਾਮ

10/30/2019 10:20:29 AM

ਵਾਸ਼ਿੰਗਟਨ (ਬਿਊਰੋ): ਅਮਰੀਕੀ ਫੌਜ ਨੇ ਆਪਣੇ ਸਫਲ ਆਪਰੇਸ਼ਨ ਵਿਚ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਲ./ਆਈ.ਐੱਸ.ਆਈ.ਐੱਸ. ਦੇ ਨੇਤਾ ਅਬੁ ਬਕਰ-ਅਲ ਬਗਦਾਦੀ ਨੂੰ ਢੇਰ ਕਰ ਦਿੱਤਾ। ਇਸ ਆਪਰੇਸ਼ਨ ਦੀ ਸਫਲਤਾ ਵਿਚ ਆਈ.ਐੱਸ.ਆਈ.ਐੱਲ. ਦੇ ਅੰਦਰੂਨੀ ਸੂਤਰ ਦਾ ਮੁੱਖ ਯੋਗਦਾਨ ਰਿਹਾ। ਉਸੇ ਨੇ ਬਗਦਾਦੀ 'ਤੇ ਨਜ਼ਰ ਰੱਖੀ ਸੀ ਅਤੇ ਸੀਰੀਆ ਵਿਚ ਉਸ ਦੇ ਘਰ ਦੇ ਨਿਰਮਾਣ ਦੀ ਵੀ ਨਿਗਰਾਨੀ ਕੀਤੀ ਸੀ। ਸੀਰੀਆਈ ਸੂਬੇ ਇਦਲਿਬ ਵਿਚ ਬਗਦਾਦੀ ਦੇ ਕੰਪਲੈਕਸ 'ਤੇ ਹਮਲੇ ਦੌਰਾਨ ਵੀ ਮੁਖਬਿਰ ਮੌਜੂਦ ਸੀ। ਦੋ ਦਿਨ ਬਾਅਦ ਉਸ ਨੂੰ ਉਸ ਦੇ ਪਰਿਵਾਰ ਸਮੇਤ ਖੇਤਰ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਹੁਣ ਤੱਕ ਇਸ ਸ਼ਖਸ ਦੀ ਨਾਗਰਿਕਤਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਅਧਿਕਾਰੀਆਂ ਮੁਤਾਬਕ ਅਮਰੀਕਾ ਨੇ ਬਗਦਾਦੀ ਦੇ ਸਿਰ 25 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਸੀ। ਇਸ ਲਈ ਹੁਣ ਇਸ ਮੁਖਬਿਰ ਨੂੰ ਇਹ ਰਾਸ਼ੀ ਇਨਾਮ ਵਿਚ ਮਿਲ ਸਕਦੀ ਹੈ। ਭਾਵੇਂਕਿ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸ਼ਖਸ ਸੁੰਨੀ ਅਰਬ ਮੂਲ ਦਾ ਹੈ, ਜੋ ਉਸ ਸਮੇਂ ਆਈ.ਐੱਸ.ਆਈ.ਐੱਸ. ਦੇ ਵਿਰੁੱਧ ਹੋ ਗਿਆ ਜਦੋਂ ਇਸ ਅੱਤਵਾਦੀ ਸੰਗਠਨ ਨੇ ਉਸ ਦੇ ਇਕ ਰਿਸ਼ਤੇਦਾਰ ਦੀ ਹੱਤਿਆ ਕਰ ਦਿੱਤੀ ਸੀ। ਇਸ ਸ਼ਖਸ ਨੇ ਅਮਰੀਕੀ ਫੌਜ ਦੀ ਇਸ ਆਪਰੇਸ਼ਨ ਵਿਚ ਮਦਦ ਕੀਤੀ ਹੈ ਅਤੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਇੱਥੋਂ ਦੀ ਜਾਣਕਾਰੀਆਂ ਦੇ ਰਿਹਾ ਸੀ। 

ਮੁਖਬਿਰ ਅਤੇ ਉਸ ਦੇ ਯੋਗਦਾਨ ਦੇ ਬਾਰੇ ਵਿਚ ਦੋ ਵਰਤਮਾਨ ਅਤੇ ਸਾਬਕਾ ਅਮਰੀਕੀ ਅਧਿਕਾਰੀਆਂ ਅਤੇ ਮੱਧ ਪੂਰਬ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਤਿੰਨਾਂ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਸ਼ਨੀਵਾਰ ਦੀ ਛਾਪੇਮਾਰੀ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁਖਬਿਰ ਨੇ ਇਕ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਸੀ ਕਿ ਬਗਦਾਦੀ ਹਮੇਸ਼ਾ ਆਪਣੇ ਨਾਲ ਇਕ ਆਤਮਘਾਤੀ ਬੈਲਟ ਰੱਖਦਾ ਸੀ ਤਾਂ ਜੋ ਫੜੇ ਜਾਣ 'ਤੇ ਉਹ ਖੁਦ ਨੂੰ ਉਡਾ ਸਕੇ।

ਐੱਸ.ਡੀ.ਐੱਫ. ਦੇ ਨੇਤਾ ਮਜ਼ਲੂਮ ਅਬਦੀ ਨੇ ਵਿਦੇਸ਼ੀ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਉਨ੍ਹਾਂ ਦੇ ਸੰਗਠਨ ਦੇ ਮੁਖਬਿਰਾਂ ਵਿਚੋਂ ਇਕ ਨੇ ਅਮਰੀਕੀਆਂ ਨੂੰ ਬਗਦਾਦੀ ਦੇ ਕੰਪਲੈਕਸ ਵਿਚ ਲਿਜਾਣ ਅਤੇ ਉਸ ਦੇ ਅੰਦਰੂਨੀ ਕੱਪੜਿਆਂ ਸਮੇਤ ਨਿੱਜੀ ਵਸਤਾਂ ਨੂੰ ਡੀ.ਐੱਨ.ਏ. ਪਰੀਖਣ ਲਈ ਲਿਜਾਣ ਵਿਚ ਮਦਦ ਕੀਤੀ ਸੀ। ਬਗਦਾਦੀ ਨੂੰ ਮਾਰਨ ਜਾਂ ਫੜਨ ਦੇ ਮਿਸ਼ਨ ਦੇ ਅੰਦਰ ਨਾ ਤਾਂ ਪੇਂਟਾਗਨ ਅਤੇ ਨਾ ਹੀ ਵ੍ਹਾਈਟ ਹਾਊਸ ਨੇ ਅਧਿਕਾਰਕ ਤੌਰ 'ਤੇ ਕਿਸੇ ਦੀ ਮੌਜੂਦਗੀ 'ਤੇ ਟਿੱਪਣੀ ਕੀਤੀ ਹੈ।


Vandana

Content Editor

Related News