US : ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ ''ਚ 5 ਭਾਰਤੀ ਪੁਲਸ ਅੜਿੱਕੇ
Thursday, Nov 21, 2019 - 01:45 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਵਿਚ ਅਮਰੀਕੀ ਗਸ਼ਤ ਅਧਿਕਾਰੀਆਂ ਨੇ 5 ਭਾਰਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂ.ਐੱਸ. ਬਾਰਡਰ ਪੈਟਰੋਲ ਏਜੰਟਾਂ ਨੂੰ ਨਿਊਯਾਰਕ ਵਿਚ ਓਗਡੇਂਸਬਰਗ ਬਾਰਡਰ ਪੈਟਰੋਲ ਸਟੇਸ਼ਨ ਵਿਚ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੇ 15 ਨਵੰਬਰ ਨੂੰ 5 ਭਾਰਤੀਆਂ ਅਤੇ ਇਕ ਸ਼ੱਕੀ ਤਸਕਰ ਨੂੰ ਫੜਿਆ। ਤਸਕਰ ਅਸਥਾਈ ਇਮੀਗ੍ਰੇਸ਼ਨ ਚੈੱਕ ਪੁਆਇੰਟ ਤੋਂ ਬੱਚ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਏਜੰਸੀ ਨੇ ਦੱਸਿਆ ਕਿ ਨਿਊਯਾਰਕ ਦੇ ਮੌਰਿਸਟਾਊਨ ਵਿਚ ਇਮੀਗ੍ਰੇਸ਼ਨ ਚੈੱਕ ਪੁਆਇੰਟ ਨੇੜਿਓਂ ਇਕ ਗੱਡੀ ਲੰਘੀ। ਗੱਡੀ ਨੂੰ ਅਮਰੀਕੀ ਨਾਗਰਿਕ ਚਲਾ ਰਿਹਾ ਸੀ।
ਓਗਡੇਂਸਬਰਗ ਵਿਚ ਇਕ ਸਥਾਨਕ ਬਾਜ਼ਾਰ ਦੇ ਪਾਰਕਿੰਗ ਖੇਤਰ ਵਿਚ ਪਹੁੰਚੀ ਗੱਡੀ ਦੀ ਏਜੰਟਾਂ ਨੇ ਪਛਾਣ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਗੱਡੀ ਛੱਡ ਕੇ ਡਰਾਈਵਰ ਬਾਜ਼ਾਰ ਦੇ ਅੰਦਰ ਦਾਖਲ ਹੋ ਗਿਆ। ਬਾਰਡਰ ਪੈਟਰੋਲ ਏਜੰਟਾਂ ਨੇ ਡਰਾਈਵਰ ਅਤੇ 5 ਭਾਰਤੀਆਂ ਨੂੰ ਫੜਿਆ। ਇਨ੍ਹਾਂ ਭਾਰਤੀਆਂ ਕੋਲੋਂ ਅਮਰੀਕਾ ਵਿਚ ਵੈਧ ਰੂਪ ਨਾਲ ਰਹਿਣ ਲਈ ਇਮੀਗ੍ਰੇਸ਼ਨ ਦਸਤਾਵੇਜ਼ ਨਹੀਂ ਸਨ। ਇਸ ਲਈ ਇੰਨ੍ਹਾਂ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਅੱਗੇ ਦੀ ਕਾਰਵਾਈ ਲਈ ਓਗਡੇਂਸਬਰਗ ਬਾਰਡਰ ਪੈਟਰੋਲ ਸਟੇਸ਼ਨ ਭੇਜਿਆ ਗਿਆ। ਇਸ ਅਪਰਾਧਿਕ ਮਾਮਲੇ ਨੂੰ ਨਿਊਯਾਰਕ ਦੇ ਯੂਨਾਈਡਿਟ ਸਟੇਟਸ ਅਟਾਰਨੀਜ਼ ਆਫਿਸ ਫੌਰ ਦੀ ਨੌਰਦਨ ਡਿਸਟ੍ਰਿਕਟ ਭੇਜ ਦਿੱਤਾ ਗਿਆ।