ਸੋਨੇ ਦੀਆਂ ਨਾਜਾਇਜ਼ ਖਾਨਾਂ ਨਾਲ ਤਬਾਹ ਹੋ ਰਹੇ ਅਮੇਜ਼ਨ ਦੇ ਬਰਸਾਤੀ ਜੰਗਲ

07/27/2020 10:35:53 AM

ਰਿਓ ਡੀ ਜਨੇਰੀਓ, (ਵਿਸ਼ੇਸ਼)– ਸੋਨੇ ਦੀਆਂ ਨਾਜਾਇਜ਼ ਖਾਨਾਂ ਨਾਲ ਅਮੇਜ਼ਨ ਦੇ ਬਰਸਾਤੀ ਜੰਗਲ ਤਬਾਹ ਹੋ ਰਹੇ ਹਨ। ਕੋਰੋਨਾ ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਦਾ ਫਾਇਦਾ ਉਠਾ ਕੇ ਬਹੁਤ ਸਾਰੇ ਲੋਕ ਅੱਜਕਲ ਨਾਜਾਇਜ਼ ਤਰੀਕੇ ਨਾਲ ਜੰਗਲਾਂ ਨੂੰ ਸਾਫ ਕਰਨ ’ਚ ਲੱਗੇ ਹੋਏ ਹਨ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਬ੍ਰਾਜ਼ੀਲ ਅਤੇ ਹੋਰ ਦੱਖਣ ਅਮਰੀਕੀ ਦੇਸ਼ਾਂ ’ਚ ਸੋਨੇ ਲਈ ਪਹਿਲਾਂ ਦਰੱਖਤਾਂ ਦੀ ਕਟਾਈ ਅਤੇ ਫਿਰ ਪੁੱਟੇ ਜਾ ਰਹੇ ਡੂੰਘੇ ਟੋਇਆਂ ਤੋਂ ਉਭਰਨ ’ਚ ਲੰਬਾ ਸਮਾਂ ਲੱਗਦਾ ਹੈ। ਇਹ ਸਿਰਫ ਵਾਤਾਵਰਣ ਤਬਦੀਲੀ ਲਈ ਬੁਰਾ ਨਹੀਂ ਹੈ, ਸਗੋਂ ਸਵਦੇਸ਼ੀ ਆਬਾਦੀ ਲਈ ਵੀ ਭਿਆਨਕ ਸਿੱਧ ਹੋਵੇਗਾ।

ਅਮੇਜ਼ਨ ਦੇ ਬਰਸਾਤੀ ਜੰਗਲ ਦੁਨੀਆ ਦੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ’ਚ ਬਹੁਤ ਅਹਿਮ ਭੂਮਿਕਾ ਅਦਾ ਕਰਦੇ ਹਨ। ਇਹ ਬਰਸਾਤੀ ਜੰਗਲ ਗਲੋਬਲ ਵਾਰਮਿੰਗ ਦੀ ਚੁਣੌਤੀ ਨਾਲ ਲੜਣ ’ਚ ਵੀ ਦੁਨੀਆ ਦੀ ਮਦਦ ਕਰਦੇ ਹਨ। ਵਿਗਿਆਨਿਆਂ ਦਾ ਕਹਿਣਾ ਹੈ ਕਿ ਅਮੇਜ਼ਨ ਜੈਵਿਕ ਖੇਤਰ ਨਾਲ ਹੋਣ ਵਾਲੇ ਨੁਕਸਾਨ ਦੀ ਰਫਤਾਰ ਇੰਨੀ ਤੇਜ਼ ਹੈ ਕਿ ਜਲਦੀ ਹੀ ਅਸੀਂ ਤਬਾਹੀ ਦੇ ਅਜਿਹੇ ਮੁਹਾਨੇ ’ਤੇ ਖੜੇ ਹੋ ਜਾਵਾਂਗੇ, ਜਿਥੋਂ ਪਰਤ ਸਕਣਾ ਮੁਸ਼ਕਲ ਹੋਵੇਗਾ। ਉਸ ਕਗਾਰ ’ਤੇ ਪਹੁੰਚਣ ਤੋਂ ਬਾਅਦ ਅਮੇਜਨ ਦੁਨੀਆ ਦੀ ਆਬ-ਓ-ਹਵਾ ਸੰਤੁਲਿਤ ਰੱਖਣ ’ਚ ਜੋ ਭੂਮਿਕਾ ਅਜੇ ਅਦਾ ਕਰਦਾ ਹੈ, ਉਹ ਅੱਗੇ ਨਹੀਂ ਕਰ ਸਕੇਗਾ।

ਲੀਡਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਹਾਲ ਹੀ ’ਚ ‘ਐਪਲਾਈਡ ਇਕੋਲਾਜੀ’ ਦੇ ਜਰਨਲ ਵਿਚ ਚਿਤਾਵਨੀ ਦਿੱਤੀ ਕਿ ਜੰਗਲ ਸੋਨੇ ਦੀ ਖੋਦਾਈ ਨਾਲ ਗੰਭੀਰ ਤੌਰ ’ਤੇ ਪ੍ਰਭਾਵਿਤ ਹਨ। ਸਹਿ-ਲੇਖਕ ਮਿਸ਼ੇਲ ਕਲਾਮੰਡੀਨ ਕਹਿੰਦੀ ਹੈ ਕਿ ਅਾਉਣ ਵਾਲੇ ਸਮੇਂ ’ਚ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਨਤੀਜੇ ਲੰਬੇ ਸਮੇਂ ਤਕ ਬਣੇ ਰਹਿਣਗੇ। ਇਸ ਲਈ ਜੰਗਲੀ ਜ਼ਮੀਨ ਨੂੰ ਬਚਾਉਣਾ ਜ਼ਰੂਰੀ ਹੈ।

ਟੀਮ ਨੇ ਗੁਯਾਨਾ ’ਚ ਹਾਲ ਹੀ ’ਚ ਛੱਡੀਆਂ ਸੋਨੇ ਦੀਆਂ ਖਾਨਾਂ ਦੇ ਮਿੱਟੀ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਪਤਾ ਲੱਗਾ ਕਿ ਕੁਝ ਸਥਾਨਾਂ ’ਤੇ ਵਨਸਪਤੀ ਸ਼ਾਇਦ ਹੀ ਲੰਬੇ ਸਮੇਂ ਬਾਅਦ ਪਰਤੀ ਸੀ। ਆਲੋਚਕਾਂ ਨੇ ਸੋਨੇ ਦੇ ਨਾਜਾਇਜ਼ ਖੋਦਾਈ ਦੀ ਇਜਾਜ਼ਤ ਦੇਣ ਲਈ ਬ੍ਰਾਜੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਜ਼ਿੰਮੇਵਾਰ ਦਸਿਆ ਹੈ।
 


Lalita Mam

Content Editor

Related News