ਪਾਕਿ ਹਿੰਦੂ ਪ੍ਰੀਸ਼ਦ ਦਾ ਦੋਸ਼, ਹਿੰਦੂਆਂ ’ਚ ਇਕ ਸਾਜ਼ਿਸ਼ ਅਧੀਨ ਪੈਦਾ ਕੀਤੀ ਜਾ ਰਹੀ ਦਹਿਸ਼ਤ
Tuesday, Apr 04, 2023 - 09:37 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਹਿੰਦੂ ਪ੍ਰੀਸ਼ਦ ਨੇ ਪਾਕਿਸਤਾਨ ’ਚ ਘੱਟਗਿਣਤੀ ਫਿਰਕੇ ਦੇ ਲੋਕਾਂ ਦੇ ਕਤਲਾਂ ਨੂੰ ਮਨੁੱਖਤਾ ਵਿਰੁੱਧ ਵਹਿਸ਼ੀਪੁਣਾ ਕਰਾਰ ਦਿੰਦੇ ਹੋਏ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਦੋਸ਼ ਲਾਇਆ ਕਿ ਹਿੰਦੂਆਂ ’ਚ ਇਕ ਸਾਜ਼ਿਸ਼ ਅਧੀਨ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਹਿੰਦੂ ਪ੍ਰੀਸ਼ਦ ਹਾਊਸ ਕਰਾਚੀ ਵਿਚ ਸੰਗਠਨ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ, ਜਿਸ ’ਚ ਪਾਕਿਸਤਾਨ ਦੀ ਮੌਜੂਦਾ ਕਾਨੂੰਨ ਵਿਵਸਥਾ ਅਤੇ ਗ਼ੈਰ-ਮੁਸਲਮਾਨਾਂ ਦੇ ਕਤਲਾਂ ’ਚ ਆਈ ਤੇਜ਼ੀ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਪੈਟਰਨ-ਇਨ-ਚੀਫ ਡਾ. ਰਮੇਸ਼ ਬੰਕਵਾਨੀ ਨੂੰ ਬੀਤੇ ਕੁਝ ਸਮੇਂ ’ਚ ਹੋਈਆਂ ਘਟਨਾਵਾਂ ਦੀ ਜਾਣਕਾਰੀ ਦਿੱਤੀ ਗਈ, ਜਿਸ ’ਚ ਕਰਾਚੀ ਵਿਚ ਡਾ. ਬੀਰਬਲ ਗਿਨਾਨੀ ਦਾ ਕਤਲ, ਹੈਦਰਾਬਾਦ ’ਚ ਡਾ. ਧਰਮ ਦੇਵ ਰਾਠੀ ਅਤੇ ਪੇਸ਼ਾਵਰ ’ਚ ਦਿਆਲ ਸਿੰਘ ਦੀ ਟਾਰਗੈੱਟ ਕਿਲਿੰਗ ਦੀ ਜਾਣਕਾਰੀ ਦਿੱਤੀ ਗਈ। ਡਾ. ਰਮੇਸ਼ ਬੰਕਵਾਨੀ ਨੇ ਕਿਹਾ ਕਿ ਪਾਕਿਸਤਾਨ ਹਿੰਦੂ ਪ੍ਰੀਸ਼ਦ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਉੱਚ ਅਧਿਕਾਰੀਆਂ ਤੋਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰ ਕੇ ਸਖ਼ਤ ਸਜ਼ਾ ਦੀ ਮੰਗ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੁਝ ਸਮੇਂ ਤੋਂ ਪਾਕਿਸਤਾਨ ਦੇ ਗ਼ੈਰ-ਮੁਸਲਮਾਨਾਂ ਵਿਰੁੱਧ ਅੱਤਵਾਦ ਦੇ ਨਾਂ ’ਤੇ ਹੋ ਰਹੇ ਕਤਲਾਂ ਨਾਲ ਡਰ ਦਾ ਵਾਤਾਵਰਣ ਬਣਿਆ ਹੋਇਆ ਹੈ, ਜਿਸ ਨਾਲ ਹਿੰਦੂ ਫਿਰਕੇ ਦੇ ਲੋਕ ਪਾਕਿਸਤਾਨ ਛੱਡਣ ਤੱਕ ਦਾ ਮਨ ਬਣਾ ਰਹੇ ਹਨ, ਜਦਕਿ ਜ਼ਰੂਰੀ ਹੈ ਕਿ ਪਾਕਿਸਤਾਨ ਸਰਕਾਰ ਹਿੰਦੂਆਂ ਪ੍ਰਤੀ ਆਪਣੀ ਸੋਚ ਨੂੰ ਬਦਲ ਕੇ ਉਨ੍ਹਾਂ ’ਚ ਵਿਸ਼ਵਾਸ ਬਹਾਲ ਕਰੇ। ਜਦ ਹਿੰਦੂਆਂ ਨਾਲ ਦੁਰਵਿਹਾਰ ਅਤੇ ਉਨ੍ਹਾਂ ਦੇ ਕਤਲਾਂ ਸਮੇਤ ਲੜਕੀਆਂ ਦਾ ਅਗਵਾ ਜਾਰੀ ਰਹਿੰਦਾ ਹੈ ਤਾਂ ਫਿਰ ਸਾਨੂੰ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਹੋਵੇਗਾ।