ਸਕਾਟਲੈਂਡ ''ਚ ਸ਼ਰਾਬ ਦੀ ਆਦਤ ਨੇ ਬੁਝਾਏ ਸੈਂਕੜੇ ਘਰਾਂ ਦੇ ਚਿਰਾਗ
Wednesday, Aug 18, 2021 - 02:36 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਪਿਛਲੇ ਸਾਲਾਂ ਦੌਰਾਨ ਨਸ਼ਿਆਂ ਦੀ ਵਰਤੋਂ ਕਾਰਨ ਹੁੰਦੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਇਹਨਾਂ ਮੌਤਾਂ ਦੇ ਕਾਰਨ ਵਿੱਚ ਸ਼ਰਾਬ ਦੀ ਵਰਤੋਂ ਵੀ ਬਹੁਤ ਵੱਡੇ ਪੱਧਰ 'ਤੇ ਜ਼ਿੰਮੇਵਾਰ ਹੈ। ਸਕਾਟਲੈਂਡ ਵਿੱਚ ਨਵੇਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਰਾਬ ਦੀ ਵਰਤੋਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਪਿਛਲੇ ਸਾਲ 17% ਵਾਧਾ ਹੋਇਆ ਹੈ ਜੋ ਕਿ ਦਸ ਸਾਲਾਂ ਦੇ ਵਕਫੇ ਵਿੱਚ ਸਭ ਤੋਂ ਜ਼ਿਆਦਾ ਹੈ।
ਸਕਾਟਲੈਂਡ ਦੇ ਨੈਸ਼ਨਲ ਰਿਕਾਰਡ (ਐਨ ਆਰ ਐਸ) ਦੇ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਪਿਛਲੇ ਸਾਲ ਸ਼ਰਾਬ ਨਾਲ ਸੰਬੰਧਤ 1,190 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਉਸ ਤੋਂ ਪਿਛਲੇ ਸਾਲ 2019 ਨਾਲੋਂ 170 ਜ਼ਿਆਦਾ ਹਨ ਅਤੇ 2008 ਤੋਂ ਬਾਅਦ ਸ਼ਰਾਬ ਨਾਲ ਸੰਬੰਧਤ ਮੌਤਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਸਦੇ ਨਾਲ ਹੀ ਅੰਕੜੇ ਦੱਸਦੇ ਹਨ ਕਿ ਸ਼ਰਾਬ ਪੀਣ ਨਾਲ ਪੈਦਾ ਹੋਈ ਜਿਗਰ ਦੀ ਬਿਮਾਰੀ, ਮਾਨਸਿਕ ਅਤੇ ਵਿਵਹਾਰ ਸੰਬੰਧੀ ਵਿਗਾੜ ਆਦਿ ਮੌਤ ਦੇ ਪ੍ਰਮੁੱਖ ਕਾਰਨ ਰਹੇ ਹਨ। ਸ਼ਰਾਬ ਦੀ ਵਜ੍ਹਾ ਨਾਲ ਮਰਨ ਵਾਲੇ ਜ਼ਿਆਦਾ ਲੋਕ ਆਪਣੀ ਉਮਰ ਦੇ 50ਵੇਂ ਅਤੇ 60ਵੇਂ ਦਹਾਕੇ ਵਿੱਚ ਸਨ, ਜਿਨ੍ਹਾਂ ਦੀ ਔਸਤ ਉਮਰ ਪੁਰਸ਼ਾਂ ਲਈ 59.9 ਸਾਲ ਅਤੇ ਬੀਬੀਆਂ ਲਈ 57.4 ਸਾਲ ਸੀ।
ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਤਾਲਿਬਾਨ 'ਤੇ ਵੱਡਾ ਬਿਆਨ, ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਦੇ ਤੌਰ 'ਤੇ ਮਾਨਤਾ ਦੇਣ ਤੋਂ ਇਨਕਾਰ
ਸਕਾਟਲੈਂਡ ਦੀ ਪਬਲਿਕ ਹੈਲਥ ਮੰਤਰੀ ਮੈਰੀ ਟੌਡ ਅਨੁਸਾਰ ਤਾਲਾਬੰਦੀ ਦੌਰਾਨ ਲੋਕਾਂ ਨੂੰ ਜਿਆਦਾ ਸ਼ਰਾਬ ਪੀਣ ਦਾ ਮੌਕਾ ਮਿਲਣ ਕਰਕੇ ਵੀ ਮੌਤਾਂ ਵਿੱਚ ਵਾਧਾ ਹੋਇਆ। ਐਨ ਆਰ ਐਸ ਦੇ ਅੰਕੜਿਆਂ ਅਨੁਸਾਰ ਸਕਾਟਲੈਂਡ ਦੇ ਚਾਰ ਸਿਹਤ ਬੋਰਡਾਂ ਵਿੱਚ ਸ਼ਰਾਬ ਦੀ ਵਰਤੋਂ ਕਾਰਨ ਮੌਤ ਦਰ ਔਸਤ ਨਾਲੋਂ ਵੱਧ ਹੈ, ਜਿਹਨਾਂ ਵਿੱਚ ਗ੍ਰੇਟਰ ਗਲਾਸਗੋ ਅਤੇ ਕਲਾਈਡ, ਲਾਨਾਰਕਸ਼ਾਇਰ, ਵੈਸਟਰਨ ਆਈਲੈਂਡ ਅਤੇ ਹਾਈਲੈਂਡ। ਜਦਕਿ ਸਭ ਤੋਂ ਭੈੜੀਆਂ ਦਰਾਂ ਵਾਲੇ ਕੌਂਸਲ ਖੇਤਰ ਇਨਵਰਕਲਾਈਡ (31.6), ਗਲਾਸਗੋ ਸਿਟੀ (31.3) ਅਤੇ ਉੱਤਰੀ ਲੈਨਾਰਕਸ਼ਾਇਰ (29.8) ਹਨ। ਇਸਦੇ ਇਲਾਵਾ ਸਭ ਤੋਂ ਘੱਟ ਮੌਤ ਦਰ ਵਾਲੇ ਖੇਤਰਾਂ ਵਿੱਚ ਸ਼ੇਟਲੈਂਡ (10.0), ਏਬਰਡੀਨਸ਼ਾਇਰ (10.3) ਅਤੇ ਸਕਾਟਿਸ਼ ਬਾਰਡਰਜ਼ (11.1) ਹਨ।