ਅਲਬਰਟਾ 'ਚ ਕੋਰੋਨਾ ਦੇ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਵਧੀ
Wednesday, Oct 07, 2020 - 02:27 AM (IST)
ਅਡਮਿੰਟਨ- ਕੈਨੇਡਾ ਦਾ ਸੂਬਾ ਅਲਬਰਟਾ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤੇ ਇੱਥੋਂ ਦਾ ਸ਼ਹਿਰ ਅਡਮਿੰਟਨ ਵਿਚ ਸਭ ਤੋਂ ਵੱਧ ਮਾਮਲੇ ਹਨ। ਇੱਥੇ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 578 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ਵਿਚ 8 ਹੋਰ ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ।
ਅਲਰਟਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸੂਬੇ ਵਿਚ 45,0000 ਲੋਕਾਂ ਦਾ ਟੈਸਟ ਕਰਵਾਇਆ, ਜਿਨ੍ਹਾਂ ਵਿਚੋਂ ਕਈ ਲੋਕ ਕੋਰੋਨਾ ਦੀ ਲਪੇਟ ਵਿਚ ਪਾਏ ਗਏ।
ਸੂਬੇ ਵਿਚ ਇਸ ਸਮੇਂ 1,783 ਕੋਰੋਨਾ ਦੇ ਕਿਰਿਆਸ਼ੀਲ ਮਾਮਲੇ ਹਨ। ਇਸ ਤੋਂ ਪਹਿਲਾਂ ਅਲਬਰਟਾ ਵਿਚ 8 ਮਈ ਨੂੰ ਸਭ ਤੋਂ ਵੱਧ ਕਿਰਿਆਸ਼ੀਲ ਮਾਮਲੇ ਦਰਜ ਹੋਏ ਸਨ। ਬੀਤੇ ਸਮੇਂ ਵਿਚ ਕੋਰੋਨਾ ਦੇ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਕਾਫੀ ਘੱਟ ਦਰਜ ਹੁੰਦੀ ਰਹੀ ਹੈ। ਅਡਮਿੰਟਨ ਵਿਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਰਹਿਣ ਕਾਰਨ ਅਧਿਕਾਰੀ ਇੱਥੇ ਕੋਰੋਨਾ ਪਾਬੰਦੀਆਂ ਵਿਚ ਸਖਤਾਈ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਸਮੇਂ 62 ਅਲਬਰਟਾ ਵਾਸੀ ਹਸਪਤਾਲ ਵਿਚ ਇਲ਼ਾਜ ਕਰਵਾ ਰਹੇ ਹਨ, ਜਿਨ੍ਹਾਂ ਵਿਚੋਂ 14 ਆਈ. ਸੀ. ਯੂ. ਵਿਚ ਭਰਤੀ ਹਨ। ਹੁਣ ਤੱਕ ਸੂਬੇ ਵਿਚ 18,935 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ 280 ਲੋਕਾਂ ਦੀ ਮੌਤ ਹੋ ਚੁੱਕੀ ਹੈ।