...ਤਾਂ ਖਮੇਨੇਈ ਤੋਂ ਬਾਅਦ ਈਰਾਨ ਦੇ ਸਰਵਉੱਚ ਨੇਤਾ ਹੁੰਦੇ ਇਬਰਾਹਿਮ ਰਾਇਸੀ

05/21/2024 6:06:21 AM

ਤਹਿਰਾਨ (ਏਜੰਸੀਆਂ)– ਪਹਿਲਾਂ ਦੇਸ਼ ਦੀ ਨਿਆਂਪਾਲਿਕਾ ਦੀ ਅਗਵਾਈ ਕਰ ਚੁੱਕੇ ਕੱਟੜਪੰਥੀ ਰਾਸ਼ਟਰਪਤੀ ਇਬਰਾਹਿਮ ਰਾਇਸੀ (63) ਨੂੰ ਈਰਾਨ ਦੇ ਸਰਵਉੱਚ ਨੇਤਾ ਖਮੇਨੇਈ ਦੇ ਚੇਲੇ ਵਜੋਂ ਦੇਖਿਆ ਜਾਂਦਾ ਸੀ ਤੇ ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਸੀ ਕਿ ਖਮੇਨੇਈ ਦੇ ਦਿਹਾਂਤ ਜਾਂ ਅਸਤੀਫ਼ੇ ਤੋਂ ਬਾਅਦ ਉਹ 85 ਸਾਲਾ ਨੇਤਾ ਦੀ ਥਾਂ ਲੈ ਸਕਦੇ ਸਨ।

ਰਾਇਸੀ ਦੀ ਮੌਤ ਤੋਂ ਬਾਅਦ ਹੁਣ ਤੱਕ ਸਿਰਫ਼ ਇਕ ਹੀ ਵਿਅਕਤੀ ਬਾਰੇ ਮੰਨਿਆਂ ਜਾਂਦਾ ਰਿਹਾ ਹੈ ਕਿ ਉਹ ਚੋਟੀ ਦੀ ਲੀਡਰਸ਼ਿਪ ਨੂੰ ਸੰਭਾਲ ਸਕਦੇ ਹਨ ਤੇ ਉਹ ਹਨ ਸਰਵਉੱਚ ਨੇਤਾ ਦੇ 55 ਸਾਲਾ ਪੁੱਤਰ ਮੋਜਤਬਾ ਖਾਮੇਨੇਈ। ਰਾਇਸੀ ਨੇ 2021 ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤੀ ਸੀ। ਉਸ ਸਮੇਂ ਦੌਰਾਨ ਈਰਾਨ ਦੇ ਇਤਿਹਾਸ ’ਚ ਹੁਣ ਤੱਕ ਦੀਆਂ ਸਭ ਤੋਂ ਘੱਟ ਵੋਟਾਂ ਪਈਆਂ ਸਨ।

ਰਾਇਸੀ 2017 ’ਚ ਮੁਕਾਬਲਤਨ ਨਰਮਖਿਆਲੀ ਨੇਤਾ ਹਸਨ ਰੂਹਾਨੀ ਦੇ ਹੱਥੋਂ ਰਾਸ਼ਟਰਪਤੀ ਚੋਣ ਹਾਰ ਗਏ ਸਨ ਪਰ 4 ਸਾਲਾਂ ਬਾਅਦ ਉਹ ਸੱਤਾ ’ਚ ਆਏ। ਇਸ ਚੋਣ ’ਚ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੇ ਬੜਾ ਸੋਚ ਸਮਝ ਕੇ ਵੋਟਿੰਗ ਦਾ ਪ੍ਰਬੰਧ ਕੀਤਾ ਤਾਂ ਜੋ ਕੋਈ ਵੀ ਵੱਡਾ ਉਮੀਦਵਾਰ ਰਾਇਸੀ ਦੇ ਵਿਰੁੱਧ ਖੜ੍ਹਾ ਨਾ ਹੋ ਸਕੇ। ਮੌਲਵੀ ਰਾਇਸੀ ਨੇ ਇਕ ਵਾਰ ਸੰਯੁਕਤ ਰਾਸ਼ਟਰ ’ਚ ਵਿਸ਼ਵ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਇਸਲਾਮ ’ਚ ਪਵਿੱਤਰ ਮੰਨੇ ਜਾਂਦੇ ਗ੍ਰੰਥ ਕੁਰਾਨ ਨੂੰ ਚੁੰਮਿਆ ਸੀ ਤੇ ਇਕ ਨੇਤਾ ਦੀ ਬਜਾਏ ਇਕ ਪ੍ਰਚਾਰਕ ਵਾਂਗ ਗੱਲ ਰੱਖੀ ਸੀ।

5000 ਮਾਰਕਸਵਾਦੀਆਂ ਤੇ ਖੱਬੇਪੱਖੀਆਂ ਦੇ ਕਤਲ ਤੋਂ ਬਾਅਦ ਅਖਵਾਏ ਸਨ ‘ਤਹਿਰਾਨ ਦਾ ਕਸਾਈ’
ਇਬਰਾਹਿਮ ਰਾਇਸੀ ਈਰਾਨ ਦੇ ਜਲਾਵਤਨ ਵਿਰੋਧੀ ਤੇ ਮਨੁੱਖੀ ਅਧਿਕਾਰ ਸਮੂਹਾਂ ਪ੍ਰਤੀ ਬੜੇ ਹਮਲਾਵਰ ਰਹੇ ਹਨ। ਰਾਇਸੀ ਦਾ ਨਾਂ 1988 ’ਚ ਮਾਰਕਸਵਾਦੀਆਂ ਤੇ ਖੱਬੇਪੱਖੀਆਂ ਦੇ ਸਮੂਹਿਕ ਕਤਲੇਆਮ ਦਾ ਕਾਰਨ ਬਣਿਆ। ਉਸ ਸਮੇਂ ਰਾਇਸੀ ਤਹਿਰਾਨ ਦੀ ਕ੍ਰਾਂਤੀਕਾਰੀ ਅਦਾਲਤ ਦੇ ਉਪ-ਸਰਕਾਰੀ ਵਕੀਲ ਸਨ।

ਐਮਨੈਸਟੀ ਇੰਟਰਨੈਸ਼ਨਲ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਈਰਾਨ ਤੇ ਇਜ਼ਰਾਈਲ ਦੇ ਦਰਮਿਆਨ ’ਚ ‘ਡੈੱਥ ਕਮੇਟੀ’ ਵਜੋਂ ਜਾਣੀਆਂ ਜਾਂਦੀਆਂ ਜਾਂਚ ਕਮੇਟੀਆਂ ਦੀ ਸਥਾਪਨਾ ਕੀਤੀ ਗਈ ਸੀ, ਜਿਨ੍ਹਾਂ ਨੇ 5 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਸਮੂਹਿਕ ਫਾਂਸੀ ਤੋਂ ਬਾਅਦ ਹੀ ਰਾਇਸੀ ਨੂੰ ‘ਤਹਿਰਾਨ ਦਾ ਕਸਾਈ’ ਕਿਹਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : 34 ਦਿਨਾਂ ਬਾਅਦ ਕਿਸਾਨਾਂ ਨੇ ਮੁਲਤਵੀ ਕੀਤਾ ਸ਼ੰਭੂ ਰੇਲਵੇ ਟਰੈਕ ’ਤੇ ਲੱਗਾ ਮੋਰਚਾ, ਵਪਾਰੀ ਵਰਗ ਨੂੰ ਮਿਲੀ ਵੱਡੀ ਰਾਹਤ

ਰਈਸੀ ਦੀ ਮੌਤ ਤੇ ਇਜ਼ਰਾਈਲ
‘ਇਕਨਾਮਿਸਟ’ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਈਰਾਨ ਤੇ ਇਜ਼ਰਾਈਲ ਵਿਚਾਲੇ ਇਤਿਹਾਸਕ ਦੁਸ਼ਮਣੀ ਦੇ ਮੱਦੇਨਜ਼ਰ ਕੁਝ ਈਰਾਨੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਹਾਦਸੇ ਪਿੱਛੇ ਇਜ਼ਰਾਈਲ ਦਾ ਹੱਥ ਹੋ ਸਕਦਾ ਹੈ।

ਦਮਿਸ਼ਕ ’ਚ ਇਜ਼ਰਾਈਲ ਵਲੋਂ ਇਕ ਈਰਾਨੀ ਜਨਰਲ ਦੀ ਹੱਤਿਆ ਤੇ ਉਸ ਤੋਂ ਬਾਅਦ ਈਰਾਨ ਦੇ ਮਿਜ਼ਾਈਲ ਹਮਲੇ ਸਮੇਤ ਹਾਲ ਹੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਇਨ੍ਹਾਂ ਕਿਅਾਸ ਅਰਾਈਆਂ ਨੂੰ ਮਜ਼ਬੂਤੀ ਮਿਲਦੀ ਹੈ। ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ, ਈਰਾਨੀ ਹਿੱਤਾਂ ਦੇ ਵਿਰੁੱਧ ਆਪਣੀਆਂ ਕਾਰਵਾਈਆਂ ਲਈ ਜਾਣੀ ਜਾਂਦੀ ਹੈ ਪਰ ਉਸ ਨੇ ਕਦੇ ਵੀ ਕਿਸੇ ਰਾਸ਼ਟਰ ਦੇ ਮੁਖੀ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।

ਇਜ਼ਰਾਈਲ ਵਿਰੁੱਧ ਹਮਾਸ ਨੂੰ ਭੜਕਾਇਆ
ਹਮਾਸ ਨੂੰ ਇਜ਼ਰਾਈਲ ’ਤੇ ਹਮਲਾ ਕਰਨ ਲਈ ਤਿਆਰ ਕਰਨ ਪਿੱਛੇ ਈਰਾਨ ਦਾ ਹੱਥ ਮੰਨਿਆ ਜਾਂਦਾ ਹੈ। ਇਸ ਜੰਗ ’ਚ 63 ਸਾਲਾ ਰਾਇਸੀ ਨੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀ ਅਗਵਾਈ ’ਚ ਪਿਛਲੇ ਮਹੀਨੇ ਡਰੋਨ ਤੇ ਮਿਜ਼ਾਈਲਾਂ ਨਾਲ ਇਜ਼ਰਾਈਲ ’ਤੇ ਬੇਮਿਸਾਲ ਹਮਲਾ ਕੀਤਾ ਸੀ।

ਰਾਇਸੀ ਦੇ ਕਾਰਜਕਾਲ ਦੌਰਾਨ ਈਰਾਨ ਨੇ ਕਰੀਬ-ਕਰੀਬ ਹਥਿਆਰ-ਪੱਧਰ ਦੇ ਯੂਰੇਨੀਅਮ ਨੂੰ ਅਮੀਰ ਕੀਤਾ। ਇਸ ਨਾਲ ਈਰਾਨ ਦਾ ਪੱਛਮ ਦੇ ਨਾਲ ਤਣਾਅ ਹੋਰ ਵੱਧ ਗਿਆ ਕਿਉਂਕਿ ਤਹਿਰਾਨ ਨੇ ਯੂਕ੍ਰੇਨ ’ਚ ਜੰਗ ਲਈ ਰੂਸ ਨੂੰ ਬੰਬ ਲਿਜਾਣ ਵਾਲੇ ਡਰੋਨ ਵੀ ਦਿੱਤੇ ਤੇ ਪੂਰੇ ਖ਼ੇਤਰ ’ਚ ਹਥਿਆਰਬੰਦ ਮਿਲੀਸ਼ੀਆ ਸਮੂਹਾਂ ਨੂੰ ਹਥਿਅਾਰਾਂ ਨਾਲ ਲੈਸ ਕੀਤਾ।

ਰਾਇਸੀ ਦੇ ਰਾਜ ’ਚ ਹਿਜਾਬ ਨਾ ਪਹਿਨਣ ’ਤੇ ਮਹਿਸਾ ਅਮੀਨੀ ਸਮੇਤ 500 ਵਿਅਕਤੀਆਂ ਦੀ ਮੌਤ ਹੋਈ
2022 ’ਚ ਹਿਜਾਬ ਨਾ ਪਹਿਨਣ ਕਾਰਨ ਹਿਰਾਸਤ ’ਚ ਲਏ ਗਏ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ’ਚ ਵਿਆਪਕ ਰੋਸ ਵਿਖਾਵੇ ਹੋਏ ਸਨ। ਰਾਇਸੀ ਦੇ ਕਾਰਜਕਾਲ ਦੌਰਾਨ ਵਿਖਾਵਾਕਾਰੀਆਂ ’ਤੇ ਇਕ ਮਹੀਨੇ ਤੱਕ ਚੱਲੀ ਕਾਰਵਾਈ ’ਚ 500 ਤੋਂ ਵੱਧ ਲੋਕ ਮਾਰੇ ਗਏ ਸਨ ਤੇ 22,000 ਤੋਂ ਵੱਧ ਨੂੰ ਹਿਰਾਸਤ ’ਚ ਲਿਆ ਗਿਆ ਸੀ। ਸੰਯੁਕਤ ਰਾਸ਼ਟਰ ਦੀ ਇਕ ਜਾਂਚ ਕਮੇਟੀ ਨੇ ਬਾਅਦ ’ਚ ਪਾਇਆ ਕਿ ਅਮੀਨੀ ਦੀ ਮੌਤ ਈਰਾਨੀ ਅਧਿਕਾਰੀਆਂ ਵਲੋਂ ਸਰੀਰਕ ਹਿੰਸਾ ਦੇ ਕਾਰਨ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News