UAE 'ਚ 54 ਦਿਨਾਂ ਦੇ ਸੰਘਰਸ਼ ਤੋਂ ਬਾਅਦ ਭਾਰਤੀ ਨੇ ਜਾਨਲੇਵਾ ਬੀਮਾਰੀ ਨੂੰ ਦਿੱਤੀ ਮਾਤ
Monday, Dec 06, 2021 - 05:56 PM (IST)
ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ ਵਿੱਚ ਇੱਕ 42 ਸਾਲਾ ਭਾਰਤੀ ਪ੍ਰਵਾਸੀ ਨੇ ਇੱਥੇ 54 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਇੱਕ ਦੁਰਲੱਭ ਅਤੇ ਖਤਰਨਾਕ ਬੈਕਟੀਰੀਆ ਦੀ ਲਾਗ ਨੂੰ ਹਰਾ ਦਿੱਤਾ ਹੈ। ਮੂਲ ਰੂਪ ਵਿੱਚ ਭਾਰਤ ਦੇ ਗੋਆ ਦੇ ਰਹਿਣ ਵਾਲੇ ਨਿਤੇਸ਼ ਸਦਾਨੰਦ ਮਡਗਾਂਵਕਰ ਦਾ ਇਲਾਜ ਕਰਨ ਵਾਲੇ ਡਾਕਟਰਾਂ ਮੁਤਾਬਕ ਨਿਤੇਸ਼ 'ਸੇਪੇਸੀਆ' ਸਿੰਡਰੋਮ ਨਾਮਕ ਇੱਕ ਬਹੁਤ ਹੀ ਖਤਰਨਾਕ ਅਤੇ ਜਾਨਲੇਵਾ ਬੈਕਟੀਰੀਆ ਦੀ ਲਾਗ ਤੋਂ ਪੀੜਤ ਹੋ ਗਿਆ ਸੀ, ਜਿਸ ਨਾਲ ਮੌਤ ਦਰ ਲਗਭਗ 75 ਪ੍ਰਤੀਸ਼ਤ ਤੈਅ ਮੰਨੀ ਜਾਂਦੀ ਹੈ ਪਰ ਨਿਤੇਸ਼ ਨੇ ਹੈਰਾਨੀਜਨਕ ਤੌਰ 'ਤੇ ਇਸ ਲਾਗ ਤੋਂ ਉਭਰਨ ਦੀ ਮਜ਼ਬੂਤਇੱਛਾ ਸ਼ਕਤੀ ਦਿਖਾਉਂਦੇ ਹੋਏ ਇਸ ਬੀਮਾਰੀ ਨੂੰ ਹਰਾ ਦਿੱਤਾ।
ਸੇਪੇਸੀਆ' ਸਿੰਡਰੋਮ ਇੱਕ ਖਤਰਨਾਕ ਸਥਿਤੀ ਹੈ ਜੋ ਸਰੀਰ ਦੇ ਕਈ ਅੰਗਾਂ ਨੂੰ ਨਕਾਰਾ ਕਰਨ ਦੇ ਨਾਲ ਸਾਹ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਪਿਛਲੇ 27 ਸਾਲਾਂ ਤੋਂ ਸੰਯੁਕਤ ਅਰਬ ਅਮੀਰਾਤ 'ਚ ਰਹਿ ਰਿਹਾ ਨਿਤੇਸ਼ ਅਗਸਤ ਦੇ ਆਖਰੀ ਹਫ਼ਤੇ ਛੁੱਟੀਆਂ ਮਨਾ ਕੇ ਆਬੂ ਧਾਬੀ ਪਰਤਿਆ ਸੀ। ਉਹ ਯੂਏਈ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਬੁਖਾਰ ਸ਼ੁਰੂ ਹੋਣ ਦੇ ਦੋ ਦਿਨ ਬਾਅਦ 28 ਅਗਸਤ ਨੂੰ ਉਸ ਦੀ ਹਾਲਤ ਕਾਫੀ ਵਿਗੜ ਗਈ। ਨਿਤੇਸ਼ ਦਾ ਮਾਲਕ ਉਸ ਨੂੰ ਕਵਾਟਰਨਰੀ ਕੇਅਰ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਨਿਮੋਨੀਆ ਹੋਣ ਦਾ ਪਤਾ ਲੱਗਾ। ਉਸ ਨੂੰ ਤੇਜ਼ ਬੁਖਾਰ, ਥਕਾਵਟ, ਜੋੜਾਂ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ਼ ਅਤੇ ਸੁੰਘਣ ਅਤੇ ਭੁੱਖ ਨਾ ਲੱਗਣ ਦੀ ਸ਼ਿਕਾਇਤ ਸੀ। ਡਾਕਟਰੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਨਿਤੇਸ਼ ਸ਼ੂਗਰ ਤੋਂ ਪੀੜਤ ਸੀ। ਨਿਤੇਸ਼ ਦੇ ਕਈ ਟੈਸਟ ਕੀਤੇ ਗਏ, ਜਿਸ 'ਚ ਪਤਾ ਲੱਗਾ ਕਿ ਉਹ ਸੇਪੇਸੀਆ ਸਿੰਡਰੋਮ ਤੋਂ ਪੀੜਤ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ NGO ਨੇ ਦਿਵਿਆਂਗ ਲੋਕਾਂ ਲਈ ਇਕੱਠੇ ਕੀਤੇ 2.38 ਕਰੋੜ ਰੁਪਏ
ਫਿਰ ਨਿਤੇਸ਼ ਨੂੰ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਸ਼ਿਫਟ ਕੀਤਾ ਗਿਆ ਅਤੇ ਡਾਕਟਰਾਂ ਦੀ ਇੱਕ ਬਹੁ-ਅਨੁਸ਼ਾਸਨੀ ਟੀਮ ਨੇ ਉਸ ਦੀਆਂ ਰਿਪੋਰਟਾਂ ਅਤੇ ਸਿਹਤ ਸਥਿਤੀਆਂ ਦਾ ਵਿਸ਼ਲੇਸ਼ਣ ਕੀਤਾ। ਬੁਰਜੀਲ ਮੈਡੀਕਲ ਸਿਟੀ ਦੇ ਅੰਦਰੂਨੀ ਦਵਾਈਆਂ ਦੇ ਮਾਹਿਰ ਨਿਆਸ ਖਾਲਿਦ ਨੇ ਡਾਕਟਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਜਾਰਗੀ ਕੋਸ਼ੀ ਨਾਲ ਨਿਤੇਸ਼ ਦਾ ਇਲਾਜ ਸ਼ੁਰੂ ਕੀਤਾ। ਕੁਝ ਹਫ਼ਤਿਆਂ ਬਾਅਦ ਨਿਤੇਸ਼ ਦੀ ਹਾਲਤ 'ਚ ਸੁਧਾਰ ਹੋਣ ਲੱਗਾ। ਕਰੀਬ 54 ਦਿਨਾਂ ਦੀ ਸਖ਼ਤ ਜੱਦੋ-ਜਹਿਦ ਤੋਂ ਬਾਅਦ ਆਖਰਕਾਰ ਨਿਤੇਸ਼ ਨੇ ਇਸ ਜਾਨਲੇਵਾ ਇਨਫੈਕਸ਼ਨ ਨੂੰ ਹਰਾਇਆ। ਨਿਤੇਸ਼ ਨੇ ਇਸ ਦਾ ਪੂਰਾ ਕ੍ਰੈਡਿਟ ਡਾਕਟਰਾਂ ਨੂੰ ਦਿੰਦੇ ਹੋਏ ਕਿਹਾ,“ਜਦੋਂ ਮੈਂ ਹਸਪਤਾਲ ਪਹੁੰਚਿਆ ਤਾਂ ਮੇਰੀ ਸਿਹਤ ਬਹੁਤ ਖਰਾਬ ਸੀ। ਜੇਕਰ ਡਾਕਟਰਾਂ ਨੇ ਮੇਰਾ ਚੰਗਾ ਇਲਾਜ ਨਾ ਕੀਤਾ ਹੁੰਦਾ ਤਾਂ ਮੈਂ ਬਚ ਨਹੀਂ ਸਕਦਾ ਸੀ।''