ਅਫਗਾਨਿਸਤਾਨ 'ਚ ਮੁਕਾਬਲੇ 'ਚ ਮਾਰੇ ਗਏ LeT ਦੇ ਦੋ ਸੀਨੀਅਰ ਕਮਾਂਡਰ
Monday, Aug 17, 2020 - 02:57 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਕੁਨਾਰ ਸੂਬੇ ਦੇ ਡਾਂਗਮ ਜ਼ਿਲ੍ਹੇ ਵਿਚ ਨੈਸ਼ਨਲ ਡਾਇਰੈਕਟੋਰੇਟ ਆਫ ਸਿਕਿਉਰਿਟੀ (NDS) ਅਤੇ ਅਫਗਾਨ ਨੈਸ਼ਨਲ ਆਰਮੀ (ANA)ਦੇ ਨਾਲ ਮੁਕਾਬਲੇ ਵਿਚ ਅੱਤਵਾਦੀ ਸਮੂਹ ਦੇ ਦੋ ਸੀਨੀਅਰ ਕਮਾਂਡਰਾਂ ਸਣੇ ਲਸ਼ਕਰ-ਏ-ਤੋਇਬਾ (LeT) ਦੇ ਪੰਜ ਕੈਡਰ ਮਾਰੇ ਗਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੰਯੁਕਤ ਆਪਰੇਸ਼ਨ ਸ਼ਨੀਵਾਰ ਰਾਤ ਨੂੰ ਚਲਾਇਆ ਗਿਆ। ਸੂਤਰਾਂ ਮੁਤਾਬਕ ਮਾਰੇ ਗਏ ਲਸ਼ਕਰ ਦੇ ਦੋ ਕਮਾਂਡਰਾਂ ਦੀ ਪਛਾਣ ਪਾਚਾ ਖਾਨ ਅਤੇ ਅਖਤਰ ਵਜੋਂ ਹੋਈ ਹੈ।ਪਾਚਾ ਖਾਨ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸ਼ਾਹੀ ਟਾਂਗਈ ਜ਼ਿਲਾ ਬਾਜੌਰ ਦਾ ਵਸਨੀਕ ਸੀ। ਲਸ਼ਕਰ ਦੇ ਅੱਤਵਾਦੀ ਡਾਂਗਮ ਖੇਤਰ 'ਚ ਤਾਇਨਾਤ ਸਨ ਅਤੇ ਉਹਨਾਂ ਨੇ ਏ.ਐਨ.ਏ. ਦੀ ਦਾਈ ਕੰਦਈ ਚੌਕੀ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਅਫਗਾਨ ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਸ਼ੁਰੂ ਕੀਤੀ, ਜਿਸ ਵਿਚ ਲਸ਼ਕਰ ਦੇ ਪੰਜ ਕੈਡਰ ਮਾਰੇ ਗਏ ਅਤੇ ਚਾਰ ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ ਦੇ ਨਾਮ ਹਨ- ਪਾਚਾ ਖਾਨ, ਅਖਤਰ, ਤਈਬ ਬਾਜੌਰੀ, ਸ਼ਰਾਫਤ ਬਾਜੌਰੀ ਅਤੇ ਮੋਹਿਬੁੱਲਾ।
ਪੜ੍ਹੋ ਇਹ ਅਹਿਮ ਖਬਰ- ਯੂ.ਕੇ ਸਰਕਾਰ ਨੇ ਤਾਲਾਬੰਦੀ 'ਚ ਦਿੱਤੀ ਹੋਰ ਢਿੱਲ
ਹਾਲ ਦੀ ਕਾਰਵਾਈ ਨੇ ਇਸ ਤੱਥ ਨੂੰ ਫਿਰ ਤੋਂ ਦਰਸਾ ਦਿੱਤਾ ਹੈ ਕਿ ਪਾਕਿਸਤਾਨ ਸਰਕਾਰ ਅਤੇ ਉਸ ਦੀ ਜਾਸੂਸ ਏਜੰਸੀ, ਇੰਟਰ-ਸਰਿਵਿਸਿਜ਼ ਇੰਟੈਲੀਜੈਂਸ (ਆਈਐਸਆਈ), ਜੰਗ-ਪੀੜਤ ਦੇਸ਼ ਵਿਚ ਅਸ਼ਾਂਤੀ ਪੈਦਾ ਕਰਨ ਲਈ ਪਾਕਿਸਤਾਨੀ ਨੌਜਵਾਨਾਂ ਨੂੰ ਭੇਜ ਕੇ ਅਫਗਾਨਿਸਤਾਨ ਵਿਚ ਅੱਤਵਾਦੀਆਂ ਦੀ ਸਹਾਇਤਾ ਕਰ ਰਹੀ ਹੈ।ਪਿਛਲੇ ਮਹੀਨੇ, ਅਫਗਾਨਿਸਤਾਨ ਦੇ ਕੰਧਾਰ ਵਿਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਤੋਂ ਪਾਕਿਸਤਾਨੀ ਆਈ.ਡੀ. ਕਾਰਡ ਬਰਾਮਦ ਹੋਏ ਸਨ। ਖਾਮਾ ਨਿਊਜ਼ ਏਜੰਸੀ ਦੇ ਮੁਤਾਬਕ, ਕੰਧਾਰ ਦੇ ਪੁਲਿਸ ਮੁਖੀ ਜਨਰਲ ਤਾਦੀਨ ਖਾਨ ਅਚਕਜ਼ਈ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮਰੋਫ ਵਿਚ ਪੰਜ ਅੱਤਵਾਦੀ ਮਾਰੇ ਅਤੇ 9 ਹੋਰਾਂ ਨੂੰ ਅਰਗੀਸਤਾਨ ਜ਼ਿਲ੍ਹੇ ਵਿਚ ਢੇਰ ਕਰ ਦਿੱਤਾ।
ਕੁਝ ਆਈ.ਡੀ. ਕਾਰਡਾਂ ਵਿਚ ਉਰਦੂ ਵਿਚ ਨਾਮ ਪੜ੍ਹੇ ਗਏ ਸਨ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਬਦੁਲ ਗਨੀ, ਅਬਦੁੱਲ ਗੱਫਰ, ਸਨਾਉੱਲਾਹ, ਨਕੀਬੁੱਲਾ, ਓਬਾਇਦੁੱਲਾ, ਅਬਦੁੱਲ ਮਲਿਕ ਸਮੇਤ ਹੋਰਾਂ ਵਜੋਂ ਹੋਈ ਹੈ। ਇਕ ਹੋਰ ਹਮਲੇ ਵਿਚ, ਕੰਧਾਰ ਦੇ ਤਖਤ-ਏ-ਪੋਲ ਕਸਬੇ ਵਿਚ ਨਾਟੋ ਬਚਾਅ ਸਹਾਇਤਾ ਦੇ ਇਕ ਹਮਲੇ ਵਿਚ 12 ਪਾਕਿਸਤਾਨੀਆਂ ਸਮੇਤ 25 ਤਾਲਿਬਾਨ ਅੱਤਵਾਦੀ ਮਾਰੇ ਗਏ।