ਅਫਗਾਨਿਸਤਾਨ 'ਚ ਮਾਰੇ ਗਏ ਪੱਤਰਕਾਰਾਂ ਨੂੰ 'ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ' 'ਤੇ ਕੀਤਾ ਗਿਆ ਯਾਦ

05/03/2018 2:45:01 PM

ਕਾਬੁਲ— 'ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ' 'ਤੇ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਉਨ੍ਹਾਂ ਪੱਤਰਕਾਰਾਂ ਨੂੰ ਯਾਦ ਕੀਤਾ ਗਿਆ ਜੋ ਹਾਲ ਹੀ 'ਚ ਦੇਸ਼ ਦੇ ਮੀਡੀਆ 'ਤੇ ਹੋਏ ਭਿਆਨਕ ਹਮਲੇ 'ਚ ਮਾਰੇ ਗਏ ਸਨ। ਸਾਲ 2001 'ਚ ਤਾਲਿਬਾਨ ਦਾ ਸਿਰ ਕੁਚਲਣ ਮਗਰੋਂ ਇਹ ਸਭ ਤੋਂ ਵੱਡਾ ਹਮਲਾ ਸੀ। ਸੋਮਵਾਰ ਨੂੰ ਹੋਏ ਹਮਲੇ 'ਚ 10 ਪੱਤਰਕਾਰ ਮਾਰੇ ਗਏ ਸਨ ਜਿਨ੍ਹਾਂ 'ਚ ਏ. ਐੱਫ. ਪੀ. ਦੇ ਚੀਫ ਫੋਟੋਗ੍ਰਾਫਰ ਸ਼ਾਹ ਮਰਾਈ ਵੀ ਸਨ। ਐੱਮਨੈਸਟੀ ਇੰਟਰਨੈਸ਼ਨਲ ਦੇ ਦੱਖਣੀ ਏਸ਼ੀਆ ਮਾਮਲਿਆਂ ਦੇ ਉੱਪ ਨਿਰਦੇਸ਼ਕ ਉਮਰ ਵਰਾਇਚ ਨੇ ਕਿਹਾ,''ਅਫਗਾਨਿਸਤਾਨ ਦੇ ਪੱਤਰਕਾਰ ਦੁਨੀਆ 'ਚ ਸਭ ਤੋਂ ਵਧ ਬਹਾਦਰ ਪੱਤਰਕਾਰਾਂ 'ਚ ਸ਼ਾਮਲ ਹਨ। ਸੋਮਵਾਰ ਨੂੰ ਹੋਏ ਦੋਹਰੇ ਆਤਮਘਾਤੀ ਹਮਲੇ 'ਚ 30 ਲੋਕਾਂ ਦੀ ਮੌਤ ਹੋ ਗਈ ਸੀ। ਮਾਰੇ ਗਏ ਲੋਕਾਂ 'ਚ ਮਰਾਈ ਦੇ ਇਲਾਵਾ 9 ਹੋਰ ਪੱਤਰਕਾਰ ਵੀ ਸਨ। ਉਮਰ ਨੇ ਕਿਹਾ,''ਸਭ ਤੋਂ ਵੱਧ ਮੁਸ਼ਕਲ ਹਾਲਾਤ 'ਚ ਕੰਮ ਕਰਦੇ ਹੋਏ ਪੱਤਰਕਾਰ ਖਤਰੇ, ਡਰ ਅਤੇ ਹਿੰਸਾ ਦਾ ਸਾਹਮਣਾ ਕਰਦੇ ਹਨ। ਹਮਲਿਆਂ 'ਚ ਰੇਡੀਓ ਅਤੇ ਨਿੱਜੀ ਚੈਨਲਾਂ ਦੇ ਪੱਤਰਕਾਰ ਵੀ ਮਾਰੇ ਗਏ।  
ਭਿਆਨਕ ਹਮਲਿਆਂ ਨਾਲ ਅਫਗਾਨਿਸਤਾਨ ਦਾ ਸੰਗਠਿਤ ਪੱਤਰਕਾਰ ਭਾਈਚਾਰਾ ਹਿੱਲ ਗਿਆ ਹੈ ਪਰ ਜ਼ੋਖਮ ਦੇ ਬਾਵਜੂਦ ਆਪਣੇ ਕੰਮ ਨੂੰ ਲੈ ਕੇ ਉਹ ਵਚਨਬੱਧ ਹਨ। ਇਕ ਹੋਰ ਸੰਪਾਦਕ ਨੇ ਕਿਹਾ,''ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਪੱਤਰਕਾਰਤਾ ਦੇ ਮਹੱਤਵ ਦੀ ਯਾਦ ਦਿਵਾਉਂਦਾ ਰਿਹਾ ਹੈ। ਅਜਿਹੀ ਪੱਤਰਕਾਰਤਾ ਜੋ ਵਧਦੇ ਹੋਏ ਲੋਕਤੰਤਰ ਲਈ ਹੋਵੇ ਅਤੇ ਲੋਕਾਂ ਤਕ ਉਸ ਦੀ ਜਾਣਕਾਰੀ ਨੂੰ ਪਹੁੰਚਾਉਣ ਲਈ ਹੋਵੇ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ। 'ਰਿਪੋਰਟਸ ਵਿਦਾਊਟ ਬਾਰਡਰ' ਨੇ ਪਿਛਲੇ ਸਾਲ ਅਫਗਾਨਿਸਤਾਨ ਨੂੰ ਪੱਤਰਕਾਰਾਂ ਲਈ ਦੁਨੀਆ ਦਾ ਤੀਸਰਾ ਸਭ ਤੋਂ ਖਤਰਨਾਕ ਦੇਸ਼ ਦੱਸਦਾ ਸੀ। ਮੀਡੀਆ ਦੀ ਇਸ ਸੰਸਥਾ ਨੇ ਕਿਹਾ ਸੀ ਕਿ ਸਾਲ 2016 ਮਗਰੋਂ ਅਫਗਾਨਿਸਤਾਨ 'ਚ 34 ਪੱਤਰਕਾਰ ਮਾਰੇ ਗਏ ਹਨ।


Related News