ਅਫਗਾਨਿਸਤਾਨ : ਕਈ ਟੈਂਕਰਾਂ ''ਚ ਲੱਗੀ ਅੱਗ, 7 ਲੋਕਾਂ ਦੀ ਮੌਤ (ਤਸਵੀਰਾਂ)
Sunday, May 02, 2021 - 02:01 PM (IST)
ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਵਿਚ ਸ਼ਨੀਵਾਰ ਦੇਰ ਰਾਤ ਉੱਤਰੀ ਸਿਰੇ 'ਤੇ ਬਾਲਣ ਦੇ ਕਈ ਟੈਂਕਰਾਂ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰੀਯਾਨ ਨੇ ਐਤਵਾਰ ਨੂੰ ਦੱਸਿਆ ਕਿ ਜਾਂਚਕਰਤਾ ਸੜ ਕੇ ਸਵਾਹ ਹੋ ਚੁੱਕੇ ਟੈਂਕਰਾਂ ਅਤੇ ਇਕ ਗੈਸ ਸਟੇਸ਼ਨ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਰਹੇ ਹਨ। ਇਸ ਗੈਸ ਸਟੇਸ਼ਨ ਵਿਚ ਅੱਗ ਲੱਗ ਗਈ ਸੀ।
ਇਹ ਤੁਰੰਤ ਪਤਾ ਨਹੀ ਚੱਲ ਪਾਇਆ ਹੈ ਕਿ ਅੱਗ ਹਾਦਸੇ ਕਾਰਨ ਲੱਗੀ ਜਾਂ ਜਾਣਬੁੱਝ ਕੇ ਲਗਾਈ ਗਈ ਹੈ। ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਅਮਰੀਕਾ ਅਤੇ ਨਾਟੋ ਦੇ ਬਾਕੀ ਬਚੇ ਸੈਨਿਕਾਂ ਦੀ ਦੇਸ਼ ਤੋਂ ਵਾਪਸੀ ਸ਼ੁਰੂ ਹੋ ਗਈ ਹੈ ਜੋ ਅਫਗਾਨਿਸਤਾਨ ਵਿਚ ਅਮਰੀਕਾ ਦੇ ਸਭ ਤੋਂ ਵੱਡੇ ਯੁੱਧ ਨੂੰ ਖ਼ਤਮ ਕਰ ਦੇਵੇਗਾ। ਸਾਰੇ 2500-3500 ਅਮਰੀਕੀ ਸੈਨਿਕਾਂ ਅਤੇ ਕਰੀਬ 7000 ਨਾਟੋ ਅਲਾਇਡ ਫੋਰਸਿਜ਼ ਨੂੰ 11 ਸਤੰਬਰ ਤੱਕ ਅਫਗਾਨਿਸਤਾਨ ਤੋਂ ਵਾਪਸ ਬੁਲਾ ਲਿਆ ਜਾਵੇਗਾ। ਅਮਰੀਕਾ ਵਿਚ 11 ਸਤੰਬਰ, 2001 ਦੇ ਅੱਤਵਾਦੀ ਹਮਲਿਆਂ ਦੇ ਬਾਅਦ ਸੈਨਿਕਾਂ ਨੂੰ ਅਫਗਾਨਿਸਤਾਨ ਭੇਜਿਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਇਕੱਲੇ ਅਪ੍ਰੈਲ 'ਚ ਹੀ 3000 ਤੋਂ ਵੱਧ ਬੱਚੇ ਕੋਵਿਡ ਨਾਲ ਹੋਏ ਪੀੜਤ
ਅਰਿਯਾਨ ਨੇ ਕਿਹਾ ਕਿ ਚੰਗਿਆੜੀ ਤੋਂ ਬਾਲਣ ਦੇ ਇਕ ਟੈਂਕਰ ਵਿਚ ਅੱਗ ਲੱਗ ਗਈ। ਇਸ ਮਗਰੋਂ ਨੇੜੇ ਦੇ ਕਈ ਟੈਂਕਰ ਅੱਗ ਦੀ ਚਪੇਟ ਵਿਚ ਆ ਗਏ, ਜਿਸ ਨੇ ਭਿਆਨਕ ਰੂਪ ਲੈ ਲਿਆ। ਕਾਬੁਲ ਦੇ ਉੱਤਰੀ ਸਿਰੇ ਵਿਚ ਲੱਗੀ ਅੱਗ ਨੇ ਕਈ ਘਰਾਂ ਅਤੇ ਇਕ ਗੈਸ ਸਟੇਸ਼ਨ ਨੂੰ ਆਪਣੀ ਚਪੇਟ ਵਿਚ ਲੈ ਲਿਆ। ਕਈ ਢਾਂਚੇ ਨਸ਼ਟ ਹੋ ਗਏ ਅਤੇ ਕਾਬੁਲ ਦੇ ਜ਼ਿਆਦਾਤਰ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਟਰੱਕ ਡਰਾਈਵਰਾਂ ਨੇ ਐਤਵਾਰ ਨੂੰ ਸੜਕ ਜਾਮ ਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਜ਼ਖਮੀਆਂ ਦਾ ਸਥਾਨਕ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਘਟਨਾ ਦੇ ਬਾਅਦ ਦਮਕਲ ਕਰਮੀ ਮੌਕੇ 'ਤੇ ਪਹੁੰਚ ਗਏ ਪਰ ਉਹਨਾਂ ਦੀ ਸਮਰੱਥਾ ਸੀਮਤ ਸੀ ਅਤੇ ਉਹਨਾਂ ਨੂੰ ਅੱਗ 'ਤੇ ਕਾਬੂ ਪਾਉਣ ਵਿਚ ਕਈ ਘੰਟੇ ਲੱਗ ਗਏ। ਐਤਵਾਰ ਸਵੇਰੇ ਸੜ ਕੇ ਸਵਾਹ ਹੋ ਚੁੱਕੇ ਸਾਮਾਨ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।