''ਅਫਗਾਨਿਸਤਾਨ ''ਚ ਪਾਕਿਸਤਾਨ ਨੂੰ ਆਪਣੇ ਹੱਥ ਅਜਮਾਉਣ ਦਿਓ''

Sunday, Mar 14, 2021 - 10:47 AM (IST)

''ਅਫਗਾਨਿਸਤਾਨ ''ਚ ਪਾਕਿਸਤਾਨ ਨੂੰ ਆਪਣੇ ਹੱਥ ਅਜਮਾਉਣ ਦਿਓ''

ਮਨੀਸ਼ ਤਿਵਾੜੀ
ਅਫਗਾਨਿਸਤਾਨ ’ਚ 1979 ਦੇ ਦਸੰਬਰ ਮਹੀਨੇ ’ਚ ਪੈਦਾ ਹੋਇਆ ਇਕ ਬੱਚਾ ਅੱਜ 41 ਸਾਲ ਦਾ ਹੋ ਗਿਆ ਹੈ। 4 ਦਹਾਕਿਆਂ ਦਾ ਉਹ ਦਰਮਿਆਨੀ ਉਮਰ ਵਰਗ ਦਾ ਵਿਅਕਤੀ ਹੁਣ ਸਿਰਫ ਸੰਘਰਸ਼, ਹਿੰਸਾ ਅਤੇ ਖੂਨ-ਖਰਾਬੇ ਨੂੰ ਸਾਧਾਰਨ ਜਿਹਾ ਮੰਨਦਾ ਹੈ। ਉਸ ਸਾਲ 24 ਦਸੰਬਰ ਨੂੰ ਸੋਵੀਅਤ ਟੈਂਕਾਂ ਨੇ ਆਮੂ ਦਰਿਆ ਨੂੰ ਪਾਰ ਕਰਦੇ ਹੋਏ 9 ਸਾਲ ਦਾ ਭਿਆਨਕ ਕਬਜ਼ਾ ਕਰ ਲਿਆ।

ਇਹ 2016 ਦਾ ਸਾਲ ਸੀ। ਅਫਗਾਨਿਸਤਾਨ 15 ਸਾਲ ਦੇ ਤਾਲਿਬਾਨ ਦੇ ਮਰਦ ਪੱਖੀ ਪ੍ਰਭਾਵ ਤੋਂ ਮੁਕਤ ਹੋ ਗਿਆ ਸੀ। ਇਕ ਟ੍ਰੈਕ-2 ਸਮਾਰੋਹ ’ਚ ਮੈਂ ਅਫਗਾਨ ਨੈਸ਼ਨਲ ਆਰਮੀ ਦੇ ਸਾਬਕਾ ਮੁਖੀ ਨੂੰ ਇਕ ਦਿਨ ਸਵੇਰ ਸਮੇਂ ਮਿਲਿਆ। ਮੈਂ ਉਸ ਨੂੰ ਪੁੱਛਿਆ ਕਿ ਮੌਜੂਦਾ ਸਮੇਂ ’ਚ ਅਫਗਾਨਿਸਤਾਨ ਦੀ ਹਾਲਤ ਕਿਹੋ ਜਿਹੀ ਹੈ? ਉਨ੍ਹਾਂ ਕਿਹਾ ਕਿ ਸਾਡੇ ਕੋਲ ਲੋਕਰਾਜੀ ਸਰਕਾਰ ਹੈ, ਇਕ ਆਜ਼ਾਦ ਅਤੇ ਜ਼ਿੰਦਾ ਪ੍ਰੈੱਸ ਅਤੇ ਪ੍ਰਿੰਟ ਮੀਡੀਆ ਹੈ, ਟੀ. ਵੀ., ਰੇਡੀਓ ਸਭ ਡਿਜੀਟਲ ਹਨ। ਸਕੂਲਾਂ ਅਤੇ ਕਾਲਜਾਂ ’ਚ ਕੁੜੀਆਂ ਅਤੇ ਔਰਤਾਂ ਜਾਂਦੀਆਂ ਹਨ।ਕੋਈ ਵੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਇਹ ਦੱਸ ਸਕਦਾ ਹੈ ਕਿ ਉਥੇ ਕੀ ਗਲਤ ਹੈ? ਇਹ ਦੇਖਣਾ ਇਕ ਸਿੱਖਿਆ ਲੈਣ ਦੇ ਬਰਾਬਰ ਸੀ ਕਿ ਕਿਵੇਂ ਇਕ ਸਾਬਕਾ ਫੌਜੀ ਪਿਛਲੇ ਡੇਢ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰ ਰਿਹਾ ਸੀ ਅਤੇ ਤਾਲਿਬਾਨ ਨੂੰ ਨੁਕਸਾਨ ਪਹੁੰਚਾਉਣ ਜਾਂ ਲਾਭ ਪਹੁੰਚਾਉਣ ਦੀ ਬਜਾਏ ਡੇਢ ਦਹਾਕੇ ਦੀਆਂ ਪ੍ਰਾਪਤੀਆਂ ਨੂੰ ਦੱਸ ਰਿਹਾ ਸੀ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਲਗਾਤਾਰ ਤੀਜੇ ਰਾਸ਼ਟਰਪਤੀ ਹਨ ਜਿਹੜੇ ਅਫਗਾਨਿਸਤਾਨ ’ਚ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਨੂੰ ਖਤਮ ਕਰਨਾ ਚਾਹੁੰਦੇ ਹਨ। ਦੋ ਦਹਾਕੇ ਪਹਿਲਾਂ ਅਮਰੀਕਾ 9/11 ਤੋਂ ਬਾਅਦ ਓਸਾਮਾ ਬਿਨ ਲਾਦੇਨ ਅਤੇ ਅਲਕਾਇਦਾ ਨੂੰ ਲੱਭਣ ਲਈ ਅਫਗਾਨਿਸਤਾਨ ’ਚ ਦਾਖਲ ਹੋਇਆ ਸੀ। ਤਾਲਿਬਾਨ ਆਗੂ ਮੁੱਲਾ ਉਮਰ ਨੇ ਅਮਰੀਕੀ ਗਲਬੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਓਸਾਮਾ ਬਿਨ ਲਾਦੇਨ ਅਤੇ ਮੁੱਲਾ ਉਮਰ ਦੋਵੇਂ ਮ੍ਰਿਤਕ ਹਨ। ਤਾਲਿਬਾਨ ਅਤੇ ਅਲਕਾਇਦਾ ਅਜੇ ਵੀ ਜ਼ਿੰਦਾ ਹੈ। 29 ਫਰਵਰੀ, 2020 ਨੂੰ ਦੋਹਾ ਵਿਖੇ ਅਮਰੀਕਾ ਅਤੇ ਤਾਲਿਬਾਨ ਦੀ ਅਗਵਾਈ ਹੇਠ ਇਕ ਡੀਲ ਹੋਈ। ਇਸ ਡੀਲ ਦਾ ਸਭ ਤੋਂ ਅਹਿਮ ਪੱਖ ਅਫਗਾਨਿਸਤਾਨ ’ਚੋਂ 1 ਮਈ, 2021 ਤਕ ਅਮਰੀਕੀ ਫੌਜਾਂ ਦੀ ਵਾਪਸੀ ਤੈਅ ਸੀ। ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਐਂਟਨੀ ਬਿਲੀਕਿਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਕੁਝ ਦਿਨ ਪਹਿਲਾਂ ਚਿੱਠੀ ਲਿਖੀ ਸੀ। ਇਸ ’ਚ ਉਨ੍ਹਾਂ ਅਫਗਾਨਿਸਤਾਨ ਲਈ ਅਮਰੀਕੀ ਦ੍ਰਿਸ਼ਟੀਕੋਣ ਬਾਰੇ ਦੱਸਿਆ ਸੀ। ਇਸ ਨੂੰ ਨਾ ਤਾਂ ਅਮਰੀਕਾ ਨੇ ਅਤੇ ਨਾ ਹੀ ਅਫਗਾਨਿਸਤਾਨ ਦੀ ਸਰਕਾਰ ਨੇ ਨਕਾਰਿਆ ਹੈ।

ਅਫਗਾਨਿਸਤਾਨ ’ਚ ਸ਼ਾਂਤੀ ਦੀ ਹਮਾਇਤ ਕਰਨ ਲਈ ਇਕ ਸੰਗਠਿਤ ਦ੍ਰਿਸ਼ਟੀਕੋਣ ’ਤੇ ਵਿਚਾਰ-ਵਟਾਂਦਰਾ ਕਰਨ ਲਈ ਰੂਸ, ਚੀਨ, ਪਾਕਿਸਤਾਨ, ਈਰਾਨ, ਭਾਰਤ ਤੇ ਅਮਰੀਕਾ ਦਰਮਿਆਨ ਮੰਤਰੀ ਪੱਧਰ ਦੀ ਗੱਲਬਾਤ ਦੀ ਕਲਪਨਾ ਕੀਤੀ ਗਈ ਹੈ। ਅਮਰੀਕਾ ਅਤੇ ਅਫਗਾਨਿਸਤਾਨ ਦੋਹਾਂ ਦਰਮਿਆਨ ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਤਾਲਿਬਾਨ ਅਤੇ ਅਫਗਾਨ ਸਰਕਾਰ ਨੇ ਤੁਰਕੀ ਦੀ ਮੇਜ਼ਬਾਨੀ ਕੀਤੀ। 90 ਦਿਨ ਦੇ ਹਿੰਸਾ ਪ੍ਰੋਗਰਾਮ ’ਚ ਕਮੀ ਲਿਆਉਣ ਲਈ ਇਕ ਸੋਧੀ ਹੋਈ ਯੋਜਨਾ ਦਾ ਸੰਚਾਲਨ ਕੀਤਾ ਗਿਆ। ਇਕ ਨਵੀਂ ਅਤੇ ਸਮਾਵੇਸ਼ੀ ਅਫਗਾਨ ਸਰਕਾਰ ਨੂੰ ਲੈ ਕੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਅਮਰੀਕੀ ਪ੍ਰਸਤਾਵਾਂ ਸਬੰਧੀ ਸੋਚਣਾ ਹੋਵੇਗਾ। ਚਿੱਠੀ ’ਚ ਲਿਖਿਆ ਗਿਆ ਹੈ ਕਿ ਅਸੀਂ 1 ਮਈ ਤਕ ਆਪਣੀ ਫੌਜ ਦੀ ਮੁਕੰਮਲ ਵਾਪਸੀ ਬਾਰੇ ਵਿਚਾਰ ਕਰ ਰਹੇ ਹਾਂ। ਅਮਰੀਕੀ ਫੌਜ ਦੀ ਵਾਪਸੀ ਪਿੱਛੋਂ ਅਮਰੀਕਾ ਅਫਗਾਨਿਸਤਾਨ ਦੀਆਂ ਫੌਜਾਂ ਨੂੰ ਵਿੱਤੀ ਮਦਦ ਜਾਰੀ ਰੱਖੇਗਾ। ਮੈਂ ਚਿੰਤਤ ਹਾਂ ਕਿ ਸੁਰੱਖਿਆ ਦੀ ਸਥਿਤੀ ਖਰਾਬ ਹੋ ਜਾਵੇਗੀ ਅਤੇ ਤਾਲਿਬਾਨੀ ਤੇਜ਼ੀ ਨਾਲ ਖੇਤਰੀ ਲਾਭ ਕਮਾ ਸਕਦੇ ਹਨ।

ਕਿਉਂਕਿ ਭਾਰਤ ਹੁਣ ਅਫਗਾਨਿਸਤਾਨ ਦੇ ਭਵਿੱਖ ਦਾ ਫੈਸਲਾ ਕਰਨ ਲਈ ਉੱਚ ਪੱਧਰ ’ਤੇ ਕਾਰਵਾਈ ਕਰੇਗਾ, ਇਸ ਲਈ ਇਸ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ ਕਿ ਅਫਗਾਨਿਸਤਾਨ ’ਚ ਉਸ ਕੋਲ ਅਸਲ ਰਣਨੀਤਕ ਹਿੱਤ ਕੀ ਹਨ? ਇਸੇ ਸਵਾਲ ’ਤੇ ਇਕ ਦਹਾਕਾ ਪਹਿਲਾਂ ਲਿਖਣ ਵਾਲੇ ਚੋਟੀ ਦੇ ਪੱਤਰਕਾਰ ਸ਼ੇਖਰ ਗੁਪਤਾ ਨੇ ਕਿਹਾ ਸੀ ਕਿ ਅਫਗਾਨਿਸਤਾਨ ਅਜੇ ਵੀ ਮਹਾਨ ਰਣਨੀਤਕ ਅਹਿਮਤੀਅਤ ਵਾਲਾ ਦੇਸ਼ ਹੋਵੇਗਾ ਪਰ ਕਿਸ ਲਈ, ਇਹ ਇਕ ਸਵਾਲ ਹੈ? ਇਹ ਸਾਡੇ ਲਈ ਕੋਈ ਰਣਨੀਤਕ ਅਹਿਮੀਅਤ ਵਾਲੀ ਗੱਲ ਨਹੀਂ ਹੋਵੇਗੀ। ਸਾਡੀ ਕੋਈ ਵੀ ਸਪਲਾਈ ਜਾਂ ਵਪਾਰ ਅਫਗਾਨਿਸਤਾਨ ’ਚ ਨਹੀਂ ਹੁੰਦਾ। ਸਾਡਾ ਕੋਈ ਵੀ ਅੱਤਵਾਦੀ ਉਥੇ ਲੁਕਿਆ ਹੋਇਆ ਨਹੀਂ ਹੈ। ਭਾਰਤ ’ਤੇ ਹੋਏ ਕਿਸੇ ਵੀ ਅੱਤਵਾਦੀ ਹਮਲੇ ’ਚ ਕਦੇ ਵੀ ਕੋਈ ਅਫਗਾਨੀ ਸ਼ਾਮਲ ਨਹੀਂ ਹੋਇਆ। ਅਸਲ ’ਚ ਸਾਡੇ ’ਤੇ ਕਦੇ ਵੀ ਅਫਗਾਨਿਸਤਾਨ ਵਲੋਂ ਅੱਤਵਾਦੀ ਹਮਲਾ ਨਹੀਂ ਕੀਤਾ ਗਿਆ। 

ਕਿਸੇ ਵੀ ਭਾਰਤ ਵਿਰੋਧੀ ਯੋਜਨਾ ਨੂੰ ਅਫਗਾਨਿਸਤਾਨ ’ਚ ਨਹੀਂ ਬਣਾਇਆ ਗਿਆ। ਇਹ ਸਭ ਯੋਜਨਾਵਾਂ ਮੁਜ਼ੱਫਰਾਬਾਦ, ਮੁਰੀਦਕੇ, ਕਰਾਚੀ ਅਤੇ ਮੁਲਤਾਨ ਵਿਖੇ ਬਣਾਈਆਂ ਗਈਆਂ। ਅਫਗਾਨ, ਪਖਤੂਨ, ਬਲੂਚ, ਤਾਜਿਕ ਅਤੇ ਹੋਰ ਕਿਸੇ ਵੀ ਜਨਜਾਤੀ ਨੇ ਭਾਰਤ ’ਚ ਹੋਏ ਅੱਤਵਾਦੀ ਹਮਲੇ ’ਚ ਹਿੱਸਾ ਨਹੀਂ ਲਿਆ। ਉਨ੍ਹਾਂ ਦੀ ਕਦੇ ਵੀ ਕੋਈ ਸ਼ਮੂਲੀਅਤ ਨਹੀਂ ਪਾਈ ਗਈ। ਇਹ ਹਮੇਸ਼ਾ ਪਾਕਿਸਤਾਨੀ ਪੰਜਾਬੀ ਰਹੇ ਹਨ। ਭਾਰਤੀ ਫੌਜ ’ਚ ਜਿਸ ਕਿਸੇ ਨੇ ਵੀ ਕਸ਼ਮੀਰ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਕੋਲੋਂ ਜੇ ਇਹ ਪੁੱਛਿਆ ਜਾਵੇ ਕਿ ਉਸ ਨੇ ਜਿਨ੍ਹਾਂ ਘੁਸਪੈਠੀਆਂ ਨਾਲ ਲੜਾਈ ਕੀਤੀ ਜਾਂ ਲੜਨਾ ਪਿਆ, ਉਹ ਕੌਣ ਸਨ ਤਾਂ ਉਸ ਦਾ ਜਵਾਬ ਹੋਵੇਗਾ ਕਿ ਪੰਜਾਬੀ ਮੁਸਲਮਾਨ ਸਨ। ਅਫਗਾਨਿਸਤਾਨ ਨੂੰ ਪਾਕਿਸਤਾਨ ’ਤੇ ਛੱਡ ਦਿਓ। ਜੇ ਪਾਕਿਸਤਾਨੀ ਫੌਜ ਸੋਚਦੀ ਹੈ ਕਿ ਬ੍ਰਿਟਿਸ਼, ਸੋਵੀਅਤ ਅਤੇ ਅਮਰੀਕੀਆਂ ਦੇ ਅਸਫਲ ਰਹਿਣ ਪਿੱਛੋਂ ਉਹ ਅਫਗਾਨਿਸਤਾਨ ਨੂੰ ਠੀਕ ਕਰ ਸਕਦੀ ਹੈ, ਉਥੇ ਕੰਟਰੋਲ ਕਰ ਸਕਦੀ ਹੈ ਤਾਂ ਉਸ ਨੂੰ ਇੰਝ ਕਰਨ ਦਿਓ।ਪਾਕਿਸਤਾਨ ਨੂੰ ਆਪਣੇ ਹੱਥ ਅਜ਼ਮਾਉਣ ਦਿੱਤੇ ਜਾਣੇ ਚਾਹੀਦੇ ਹਨ। 

ਜੇ ਅਫਗਾਨਿਸਤਾਨ ’ਚ ਹੁਣ ਪਾਕਿਸਤਾਨ 10 ਡਵੀਜ਼ਨਾਂ ਜਾਂ ਅੱਧੀ ਆਈ. ਐੱਸ. ਆਈ. ਨੂੰ ਪਾ ਦੇਵੇ ਤਾਂ ਇਹ ਸਾਡੀਆਂ ਪੱਛਮੀ ਸਰਹੱਦਾਂ ਲਈ ਇਕ ਰਾਹਤ ਦੇਣ ਵਾਲੀ ਗੱਲ ਹੋਵੇਗੀ। ਇਹ ਅਨੁਮਾਨ ਜਿਸ ਤਰ੍ਹਾਂ ਅੱਜ ਢੁੱਕਵਾਂ ਹੈ, 10 ਸਾਲ ਪਹਿਲਾਂ ਵੀ ਸੀ। ਉਸ ਸਮੇਂ ਵੀ ਅਫਗਾਨਿਸਤਾਨ ’ਚ ਸਾਡੇ ਅਸਲ ਹਿੱਤਾਂ ’ਤੇ ਸਖਤ ਸਵਾਲ ਖੜ੍ਹੇ ਨਹੀਂ ਕੀਤੇ ਗਏ ਅਤੇ ਨਾ ਹੀ ਅੱਜ ਖੜ੍ਹੇ ਕੀਤੇ ਜਾਂਦੇ ਹਨ। ਕੀ ਉਸ ਸਮੇਂ ਅਫਗਾਨਿਸਤਾਨ ’ਚ ਭਾਰਤ ਦੇ ਪੈਰ ਟਿਕਾਉਣੇ ਸਾਡੇ ਲਈ ਮਦਦ ਵਾਲੇ ਸਾਬਿਤ ਹੋਣਗੇ ਜਦੋਂ ਅਸੀਂ ਚੀਨ ਅਤੇ ਅਫਗਾਨਿਸਤਾਨ ਵਰਗੇ ਦੋ ਮੋਰਚਿਆਂ ਨਾਲ ਲੜ ਰਹੇ ਹਾਂ? ਅਫਗਾਨਿਸਤਾਨ ’ਚ ਅਸੀਂ ਆਪਣੀਆਂ ਕਿਸ਼ਤੀਆਂ ਨੂੰ ਛੱਡਣ ਲਈ ਤਿਆਰ ਨਹੀਂ ਹਾਂ।ਅਮਰੀਕੀਆਂ ਦੇ ਅਫਗਾਨਿਸਤਾਨ ਛੱਡਣ ਪਿੱਛੋਂ ਉਥੇ ਭਾਰਤੀ ਫੌਜ ਦੀ ਹਾਜ਼ਰੀ ਦਾ ਨਿਵੇਦਨ ਜੇ ਹੋਇਆ ਤਾਂ ਕੀ ਸਾਨੂੰ ਤਿਆਰ ਰਹਿਣਾ ਹੋਵੇਗਾ?ਅਜਿਹੇ ਨਿਵੇਦਨ ’ਤੇ ਭਾਰਤ ਨੇ 2003 ’ਚ ਇਰਾਕ ’ਚ ਅਮਰੀਕੀ ਫੋਰਸਾਂ ਨੂੰ ਸਥਾਪਿਤ ਕਰਨ ’ਤੇ ਵਿਚਾਰ ਕੀਤਾ ਸੀ। ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇੰਝ ਕਰਨ ਤੋਂ ਨਾਂਹ ਕੀਤੀ ਸੀ। ਅਫਗਾਨਿਸਤਾਨ ’ਚ ਭਾਰਤ ਦੀ ਮੌਜੂਦਗੀ ਕੀ ਉਸ ਲਈ ਮੱਧ ਏਸ਼ੀਆ ’ਚ ਕੋਈ ਨਵਾਂ ਆਯਾਮ ਪੈਦਾ ਕਰੇਗੀ।


 


author

Vandana

Content Editor

Related News