ਅਮਰੀਕੀ ਡਰੋਨ ਹਮਲੇ ’ਚ ਮਾਰੇ ਜਾਣ ਤੋਂ ਪਹਿਲਾਂ ਮਨਸੂਰ ਨੇ ਪਾਕਿ ’ਚ ਖਰੀਦੀ ਸੀ ਜੀਵਨ ਬੀਮਾ ਪਾਲਿਸੀ
Monday, Dec 14, 2020 - 08:05 AM (IST)
 
            
            ਇਸਲਾਮਾਬਾਦ, (ਏ. ਐੱਨ. ਆਈ.)– ਅਮਰੀਕੀ ਡਰੋਨ ਹਮਲੇ ਵਿਚ ਮਾਰੇ ਗਏ ਅਫਗਾਨ ਤਾਲਿਬਾਨ ਦੇ ਮੁਖੀ ਮੁੱਲਾ ਅਖਤਰ ਮਨਸੂਰ ਨੇ ਆਪਣੀ ਮੌਤ ਤੋਂ ਪਹਿਲਾਂ ਪਾਕਿਸਤਾਨ ਵਿਚ ਇਕ ਫਰਜ਼ੀ ਪਛਾਣ ਦੀ ਵਰਤੋਂ ਕਰ ਕੇ ਇਕ ਜੀਵਨ ਬੀਮਾ ਪਾਲਿਸੀ ਖਰੀਦੀ ਸੀ ਅਤੇ ਉਸ ਦੇ ਪ੍ਰੀਮੀਅਮ ਦੇ ਰੂਪ ਵਿਚ 3 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ।
ਮਨਸੂਰ 21 ਮਈ, 2016 ਨੂੰ ਪਾਕਿਸਤਾਨ-ਈਰਾਨ ਸਰਹੱਦ ਨੇੜੇ ਹੋਏ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ। ਉਹ ਜੁਲਾਈ 2015 ਵਿਚ ਅਫਗਾਨ-ਤਾਲਿਬਾਨ ਦਾ ਮੁਖੀ ਬਣਿਆ ਸੀ।
ਮਨਸੂਰ ਤੇ ਉਸ ਦੇ ਭਗੌੜੇ ਸਾਥੀਆਂ ਖ਼ਿਲਾਫ਼ ਅੱਤਵਾਦ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ਦੀ ਸ਼ਨੀਵਾਰ ਨੂੰ ਹੋਈ ਸੁਣਵਾਈ ਦੌਰਾਨ ਬੀਮਾ ਪਾਲਿਸੀ ਬਾਰੇ ਜਾਣਕਾਰੀ ਮਿਲੀ।
‘ਡਾਨ’ ਅਖਬਾਰ ਨੇ ਦੱਸਿਆ ਕਿ ਫੈਡਰਲ ਜਾਂਚ ਏਜੰਸੀ ਨੇ ਮਨਸੂਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬੀਮਾ ਕੰਪਨੀ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਰਾਚੀ ਵਿਚ ਅੱਤਵਾਦ-ਰੋਕੂ ਅਦਾਲਤ (ਏ. ਟੀ. ਸੀ.) ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ। ਜਾਂਚ ਦੌਰਾਨ ਪਤਾ ਲੱਗਾ ਕਿ ਮਨਸੂਰ ਤੇ ਉਸ ਦੇ ਸਾਥੀ ਫਰਜ਼ੀ ਪਛਾਣ ਪੱਤਰਾਂ ਦੇ ਆਧਾਰ ’ਤੇ ਜਾਇਦਾਦਾਂ ਖਰੀਦ ਕੇ ਅੱਤਵਾਦੀ ਸਰਗਰਮੀਆਂ ਲਈ ਪੈਸਾ ਇਕੱਠਾ ਕਰਨ ਵਿਚ ਮਦਦ ਕਰਦੇ ਸਨ। ਉਸ ਨੇ ਕਰਾਚੀ ਵਿਚ 3 ਕਰੋੜ 20 ਲੱਖ ਰੁਪਏ ਦੀ ਕੀਮਤ ਦੇ ਪਲਾਟਾਂ ਅਤੇ ਮਕਾਨਾਂ ਸਮੇਤ 5 ਜਾਇਦਾਦਾਂ ਵੀ ਖਰੀਦੀਆਂ ਸਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਮਨਸੂਰ ਨੇ 21 ਮਈ, 2016 ਨੂੰ ਡਰੋਨ ਹਮਲੇ ਵਿਚ ਮਾਰੇ ਜਾਣ ਤੋਂ ਪਹਿਲਾਂ ਇਕ ਫਰਜ਼ੀ ਪਛਾਣ ਦੀ ਵਰਤੋਂ ਕਰ ਕੇ ਜੀਵਨ ਬੀਮਾ ਪਾਲਿਸੀ ਖਰੀਦੀ ਸੀ ਅਤੇ ਕੰਪਨੀ ਨੂੰ 30 ਲੱਖ ਰੁਪਏ ਦਿੱਤੇ ਸਨ। ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਬੀਮਾ ਕੰਪਨੀ ਨੇ ਮਨਸੂਰ ਤੋਂ ਪ੍ਰਾਪਤ ਮੁੱਖ ਰਕਮ ਵਾਪਸ ਕਰਨ ਦੀ ਇੱਛਾ ਜ਼ਾਹਿਰ ਕਰਦਿਆਂ ਜਾਂਚਕਰਤਾਵਾਂ ਨੂੰ ਅਦਾਲਤ ਵਿਚ ਜਮ੍ਹਾ ਕਰਨ ਲਈ 3 ਲੱਖ ਰੁਪਏ ਦਾ ਚੈੱਕ ਦਿੱਤਾ ਸੀ ਤਾਂ ਜੋ ਇਸ ਰਕਮ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ,‘‘ਹਾਲਾਂਕਿ ਜਾਂਚ ਕਰਨ ਵਾਲਿਆਂ ਨੇ ਚੈੱਕ ਵਾਪਸ ਕਰ ਦਿੱਤਾ ਅਤੇ ਕੰਪਨੀ ਨੂੰ ਮੁੱਖ ਰਕਮ ਦੇ ਨਾਲ ਪ੍ਰੀਮੀਅਮ ਵੀ ਦੇਣ ਲਈ ਕਿਹਾ ਤਾਂ ਜੋ ਪੂਰੀ ਰਕਮ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਈ ਜਾ ਸਕੇ।’’
ਇਹ ਵੀ ਪੜ੍ਹੋ- ਸੰਸਦ 'ਤੇ ਅੱਤਵਾਦੀ ਹਮਲੇ ਦੀ 19ਵੀਂ ਬਰਸੀ: ਦਹਿਸ਼ਤ ਦੇ ਉਹ 45 ਮਿੰਟ, ਜਿਸ ਨੇ ਹਿੱਲਾ ਦਿੱਤਾ ਸੀ ਪੂਰਾ ਦੇਸ਼
ਬੀਮਾ ਕੰਪਨੀ ਨੇ ਸ਼ਨੀਵਾਰ ਨੂੰ ਅਦਾਲਤ ਵਿਚ ਸਾਢੇ ਤਿੰਨ ਲੱਖ ਰੁਪਏ ਦਾ ਚੈੱਕ ਜਮ੍ਹਾ ਕਰਵਾਇਆ। ਅਦਾਲਤ ਦੇ ਹੁਕਮ ’ਤੇ ਕਰਾਚੀ ’ਚ ਸਥਿਤ ਮਨਸੂਰ ਦੀਆਂ ਜਾਇਦਾਦਾਂ ਦੀ ਵੀ ਨਿਲਾਮੀ ਕੀਤੀ ਗਈ ਹੈ।
 
►ਅੱਤਵਾਦੀਆਂ ਨੂੰ ਵਿੱਤੀ ਸਹਾਇਤਾ ਦੇਣ ਪਿੱਛੇ ਕੌਣ ਹੈ ਗੁਨਾਹਗਾਰ? ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            