ਭਾਰਤ ਤੋਂ ਸ਼ਰਨ ਦੀ ਗੁਹਾਰ ਲਗਾ ਰਹੇ ਅਫਗਾਨ ਸਿੱਖ, ਬਚੇ ਸਿਰਫ 20 ਪਰਿਵਾਰ!

Sunday, Jun 19, 2022 - 09:54 AM (IST)

ਭਾਰਤ ਤੋਂ ਸ਼ਰਨ ਦੀ ਗੁਹਾਰ ਲਗਾ ਰਹੇ ਅਫਗਾਨ ਸਿੱਖ, ਬਚੇ ਸਿਰਫ 20 ਪਰਿਵਾਰ!

ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਗੁਰਦੁਆਰੇ 'ਤੇ ਸ਼ਨੀਵਾਰ ਤੜਕੇ ਭਿਆਨਕ ਅੱਤਵਾਦੀ ਹਮਲਾ ਹੋਇਆ। ਅੱਤਵਾਦੀ ਬਾਹਰੋਂ ਗੋਲੀਬਾਰੀ ਕਰਦੇ ਹੋਏ ਗੁਰਦੁਆਰੇ ਦੇ ਅੰਦਰ ਦਾਖਲ ਹੋਏ ਅਤੇ ਸਿੱਖਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਸੁਰੱਖਿਆ ਕਰਮੀਆਂ ਨੂੰ ਮਾਰ ਦਿੱਤਾ ਅਤੇ ਗ੍ਰੈਨੇਡ ਲੈ ਕੇ ਅੰਦਰ ਦਾਖਲ ਹੋ ਗਏ। ਹਮਲੇ ਦੀ ਸੂਚਨਾ ਮਿਲਦਿਆਂ ਹੀ ਆਸਪਾਸ ਦੀਆਂ ਚੌਕੀਆਂ 'ਤੇ ਮੌਜੂਦ ਤਾਲਿਬਾਨ ਦੇ ਮੈਂਬਰ ਮੌਕੇ 'ਤੇ ਪਹੁੰਚ ਗਏ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

PunjabKesari

ਬੀਬੀਸੀ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਮੇਰਾ ਘਰ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਹੈ। ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਮੈਂ ਖਿੜਕੀ ਤੋਂ ਬਾਹਰ ਦੇਖਿਆ, ਲੋਕ ਕਹਿ ਰਹੇ ਸਨ ਕਿ ਹਮਲਾਵਰ ਅੰਦਰ ਹਨ। ਹਫੜਾ-ਦਫੜੀ ਵਿਚਕਾਰ ਅਚਾਨਕ ਧਮਾਕਾ ਹੋਇਆ। ਬੰਬ ਇਕ ਤਾਲਿਬਾਨੀ ਚੌਕੀ ਕੋਲ ਖੜ੍ਹੀ ਕਾਰ ਦੇ ਅੰਦਰ ਲੁਕਾਇਆ ਗਿਆ ਸੀ। ਧਮਾਕੇ ਵਿੱਚ ਯੂਨਿਟ ਕਮਾਂਡਰ ਦੀ ਮੌਤ ਹੋ ਗਈ ਅਤੇ ਆਸਪਾਸ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ। ਇਸ ਹਮਲੇ ਵਿੱਚ ਇੱਕ ਸਿੱਖ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ।

ਤੜਕਸਾਰ ਹੋਇਆ ਹਮਲਾ

ਇਹ ਹਮਲਾ ਸਵੇਰ ਦੀ ਅਰਦਾਸ ਸ਼ੁਰੂ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਹੋਇਆ। ਖਾਲਸਾ ਨੇ ਦੱਸਿਆ ਕਿ ਜੇਕਰ ਹਮਲਾ ਕੁਝ ਦੇਰ ਬਾਅਦ ਹੋਇਆ ਹੁੰਦਾ ਤਾਂ ਅੰਦਰ ਹੋਰ ਲੋਕ ਮੌਜੂਦ ਹੁੰਦੇ।' ਕਿਸੇ ਸਮੇਂ ਅਫਗਾਨਿਸਤਾਨ ਹਜ਼ਾਰਾਂ ਹਿੰਦੂਆਂ ਅਤੇ ਸਿੱਖਾਂ ਦਾ ਘਰ ਸੀ ਪਰ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਹੁਣ ਇੱਥੇ ਕੁਝ ਕੁ ਹਿੰਦੂ ਅਤੇ ਸਿੱਖ ਰਹਿ ਗਏ ਹਨ। ਹਾਲ ਹੀ ਦੇ ਸਾਲਾਂ ਵਿੱਚ ਬਾਕੀ ਰਹਿੰਦੇ ਸਿੱਖਾਂ ਨੂੰ ਆਈਐਸ ਦੀ ਸਥਾਨਕ ਸ਼ਾਖਾ ਦੁਆਰਾ ਲਗਾਤਾਰ ਨਿਸ਼ਾਨਾ ਬਣਾਇਆ ਗਿਆ ਹੈ।

 


ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਕਾਰਤੇ ਪਰਵਾਨ ਇਲਾਕੇ 'ਚ ਪਹਿਲੇ ਧਮਾਕੇ ਦੀ ਆਵਾਜ਼ ਸੁਣੀ ਗਈ। ਚਸ਼ਮਦੀਦਾਂ ਮੁਤਾਬਕ ਧਮਾਕੇ ਕਾਰਨ ਅਸਮਾਨ 'ਚ ਧੂੰਏਂ ਦਾ ਗੁਬਾਰ ਫੈਲ ਗਿਆ। ਹਮਲੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਅੰਦਾਜ਼ਾ ਹੈ ਕਿ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਵਿਚ ਸਿਰਫ 140 ਸਿੱਖ ਬਚੇ ਹਨ, ਜਿਹਨਾਂ ਵਿਚੋਂ ਜ਼ਿਆਦਾਤਰ ਪੂਰਬੀ ਸ਼ਹਿਰ ਜਲਾਲਾਬਾਦ ਅਤੇ ਰਾਜਧਾਨੀ ਕਾਬੁਲ ਵਿਚ ਹਨ।

ਪੜ੍ਹੋ ਇਹ ਅਹਿਮ ਖ਼ਬਰ- ਜਦੋਂ 4 ਸਾਲ ਦੀ ਬੱਚੀ ਨੇ ਪਹਿਲੀ ਵਾਰ ਦੁਨੀਆ ਨੂੰ 'ਨਵੀਆਂ ਅੱਖਾਂ' ਨਾਲ ਦੇਖਿਆ, ਵੀਡੀਓ ਕਰ ਦੇਵੇਗੀ ਭਾਵੁਕ

ਭਾਰਤ ਤੋਂ ਲਗਾ ਰਹੇ ਸ਼ਰਨ ਦੀ ਗੁਹਾਰ
ਇਸਲਾਮਿਕ ਸਟੇਟ ਨੇ ਅਮਾਕ ਦਾ ਹਵਾਲਾ ਦਿੰਦੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸੰਗਠਨ ਨੇ ਗੁਰਦੁਆਰੇ 'ਤੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਛਾਣ ਅਬੂ ਮੁਹੰਮਦ ਵਜੋਂ ਕੀਤੀ ਹੈ। ਹਮਲੇ ਵਿੱਚ ਜ਼ਖਮੀਆਂ ਵਿੱਚੋਂ ਇੱਕ ਦੇ ਰਿਸ਼ਤੇਦਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਫ਼ਗਾਨਿਸਤਾਨ ਵਿੱਚ ਸਿਰਫ਼ 20 ਸਿੱਖ ਪਰਿਵਾਰ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਪਰਿਵਾਰ ਵੀ ਜਲਦੀ ਤੋਂ ਜਲਦੀ ਉੱਥੋਂ ਜਾਣਾ ਚਾਹੁੰਦੇ ਹਨ ਪਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਇੱਥੇ ਫਸੇ ਹੋਏ ਹਨ। ਰਿਸ਼ਤੇਦਾਰ ਨੇ ਕਿਹਾ ਕਿ ਜੇਕਰ ਸਾਨੂੰ ਵੀਜ਼ਾ ਮਿਲ ਗਿਆ ਤਾਂ ਅਸੀਂ ਤੁਰੰਤ ਚਲੇ ਜਾਵਾਂਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News